ਪਾਜ਼ੇਟਿਵ ਆਏ ਵਿਅਕਤੀ ਦੇ ਸੰਪਰਕ ‘ਚ ਫਰੀਦਕੋਟ 6 ਵਿਅਕਤੀਆਂ ਦੇ ਲਏ ਸੈਂਪਲ

ਹੁਣ ਤੱਕ ਇਕੱਤਰ 2806 ਸੈਂਪਲਾਂ ‘ਚੋਂ 2130 ਦੀ ਰਿਪੋਰਟ ਨੈਗੇਟਿਵ : ਸੀਐੱਮਓ

ਕੋਟਕਪੂਰਾ, 11 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਜ਼ਿਲੇ ਅੰਦਰ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸਬੰਧ ‘ਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਸਥਾਪਿਤ ਫਲੂ ਕਾਰਨਰ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦਾ ਇਕਾਂਤਵਾਸ ਸੈਂਟਰਾਂ ‘ਚ ਮੈਡੀਕਲ ਸਕਰੀਨਿੰਗ ਅਤੇ ਕੋਵਿਡ-19 ਦੇ ਸੈਂਪਲ ਲੈਣ ਦਾ ਕੰਮ ਲਗਾਤਾਰ ਜਾਰੀ ਹੈ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਨੇ ਦੱਸਿਆ ਅੱਜ 290 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਫਰੀਦਕੋਟ ਦੇ 1 ਵਿਅਕਤੀ ਦੀ ਲੁਧਿਆਣਾ ਵਿਖੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀ ਟੀਮ ਨੇ ਇਸ ਪਾਜ਼ੇਟਿਵ ਆਏ ਵਿਅਕਤੀ ਦੇ ਸੰਪਰਕ ‘ਚ ਆਏ 6 ਵਿਅਕਤੀਆਂ ਦੇ ਸੈਂਪਲ ਇਕੱਤਰ ਕਰਕੇ ਲੈਬ ਵਿੱਚ ਭੇਜ ਦਿੱਤੇ ਹਨ ਅਤੇ ਲੁਧਿਆਣਾ ਵਿੱਚ ਫਰਦਿਕੋਟ ਦੇ ਇਸ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆਇਆਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਪੱਤਰ-ਵਿਹਾਰ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਅੱਜ ਤੱਕ ਸਿਹਤ ਵਿਭਾਗ ਵੱਲੋਂ 2806 ਸੈਂਪਲ ਇਕੱਤਰ ਕੀਤੇ ਗਏ ਹਨ, ਜਿੰਨਾਂ ‘ਚੋਂ 2130 ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਲੁਧਿਆਣਾ ਵਿਖੇ ਫਰੀਦਕੋਟ ਦੇ 1 ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਡੀ.ਐੱਮ.ਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਹੁਣ ਫਰੀਦਕੋਟ ਐਕਟਿਵ ਮਰੀਜ਼ਾਂ ਦੀ ਗਿਣਤੀ 43 ਹੋ ਗਈ ਹੈ, 42 ਪਾਜ਼ੇਟਿਵ ਆਏ ਮਰੀਜ਼ਾਂ ਨੂੰ ਸਥਾਨਕ ਜੀ.ਜੀ.ਐਸ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ‘ਚ ਜੇਰੇ ਇਲਾਜ ਹਨ। ਉਨਾਂ ਕਿਹਾ ਕਿ ਬਾਹਰਲੇ ਸੂਬੇ ਤੋਂ ਆਏ ਵਿਅਕਤੀਆਂ ਲਈ ਵਿਸ਼ੇਸ਼ ਇਕਾਂਤਵਾਸ ਸੈਂਟਰਾਂ ‘ਚ ਰਹਿਣ ਸਹਿਣ, ਖਾਣ-ਪੀਣ, ਮੈਡੀਕਲ ਜਾਂਚ ਅਤੇ ਸੈਂਪਲ ਇਕੱਤਰ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।