ਮੁਕਤਸਰ ‘ਚ ਕਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਕੇ ਹੋਈ 49

ਸ੍ਰੀ ਮੁਕਤਸਰ ਸਾਹਿਬ, 3 ਮਈ (ਤੇਜਿੰਦਰ ਧੂੜੀਆ, ਸੁਖਵੰਤ ਸਿੰਘ) :ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ‘ਚ ਕਰੋਨਾ ਦੇ 43 ਨਵੇਂ ਪਾਜ਼ੇਟਿਵ ਮਰੀਜ਼ ਆਉਣ ਨਾਲ ਮਰੀਜਾ ਦੀ ਗਿਣਤੀ 49 ਹੋ ਗਈ ਹੈ। ਪਿਛਲੇ ਦਿਨੀਂ ਮੁਕਤਸਰ ‘ਚ 6 ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਸੀ ਤੇ ਹੁਣ ਮੁਕਤਸਰ ‘ਚ 43 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਪਾਜ਼ੇਟਿਵ ਮਰੀਜਾਂ ਦੀ ਗਿਣਤੀ 49 ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਕ 18 ਸਾਲਾ ਕੋਰੋਨਾ ਪਾਜ਼ੇਟਿਵ ਮਰੀਜ ਪਹਿਲਾਂ ਹੀ ਠੀਕ ਹੋ ਚੁੱਕਿਆ ਹੈ। ਐਤਵਾਰ ਨੂੰ ਪਾਜ਼ੇਟਿਵ ਆਏ ਲੋਕਾਂ ‘ਚ ਇਕ 6 ਮਹੀਨਿਆਂ ਦਾ ਬੱਚਾ, ਇਕ 08 ਸਾਲ ਦਾ ਬੱਚਾ, ਇਕ 10 ਤੇ ਇਕ 12 ਸਾਲਾਂ ਦਾ ਬੱਚਾ ਵੀ ਹੈ। ਇਸਤੋਂ ਇਲਾਵਾ 24, 25 ਤੇ 33 ਸਾਲਾ ਨੌਜਵਾਨਾਂ ਤੋਂ ਇਲਾਵਾ 78 ਸਾਲਾਂ ਦਾ ਬਜ਼ੁਰਗ ਵੀ ਸ਼ਾਮਿਲ ਹੈ। ਪਾਜ਼ੇਟਿਵ ਕੇਸਾਂ ‘ਚੋਂ 40 ਹਜ਼ੂਰ ਸਾਹਿਬ ਤੋਂ ਪਰਤੇ ਹਨ ਜਦਕਿ ਦੋ ਹੋਰ ਥਾਵਾਂ ਤੋਂ ਆਏ ਹਨ। ਇਹ ਲੋਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਮਾਨ ਸਿੰਘ ਵਾਲਾ, ਮਰਾੜ੍ਹ ਕਲਾਂ, ਬਰੀਵਾਲਾ, ਲੁਹਾਰਾ, ਡੋਹਕ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਤੇ ਇਕ ਮਰੀਜ਼ ਗੰਗਾਨਗਰ ਤੋਂ ਹੈ। ਇਨ੍ਹਾਂ ਸਾਰੇ ਮਰੀਜਾਂ ਨੂੰ ਸ੍ਰੀ ਮੁਕਤਸਰ ਸਾਹਿਬ ‘ਚ ਪਹਿਲਾਂ ਇਕਾਂਤਵਾਸ ਕੀਤਾ ਗਿਆ ਸੀ ਜਿਨ੍ਹਾਂ ਦੇ 29 ਤੇ 30 ਅਪ੍ਰਰੈਲ ਨੂੰ ਸੈਂਪਲ ਲੈ ਕੇ ਜਾਂਚ ਲਈ ਭੇਜੇ ਸਨ। ਐਤਵਾਰ ਨੂੰ ਸੈਂਪਲ ਪਾਜ਼ੇਟਿਵ ਆਉਣ ਤੇ ਮਰੀਜਾਂ ਨੂੰ ਕੋਵਿਡ-19 ਹਸਪਤਾਲ ਮੁਕਤਸਰ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜੋ ਪਿਛਲੇ ਦਿਨੀਂ ਸੈਂਪਲ ਲੈ ਕੇ ਜਾਂਚ ਲਈ ਭੇਜੇ ਸਨ ਉਨ੍ਹਾਂ ਸੈਂਪਲਾਂ ਦੀ ਐਤਵਾਰ ਨੂੰ ਆਈ ਰਿਪੋਰਟ ‘ਚ 43 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਐਤਾਵਰ ਨੂੰ 19 ਹੋਰ ਸੈਂਪਲ ਜਾਂਚ ਲਈ ਭੇਜੇ ਗਏ ਹਨ।