ਮੁਕਤਸਰ ਦੀਆਂ ਸੜਕਾਂ ਦਾ ਮੰਦਾ ਹਾਲ- ਲੋਕ ਮਲਬੇ ਨਾਲ ਭਰਨ ਲੱਗੇ ਖੱਡੇ 

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) ਮੁਕਤਸਰ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਸੜਕਾਂ ਵਿੱਚ ਡੂੰਘੇ ਖੱਡੇ ਬਣ ਗਏ ਹਨ। ਖੱਡਿਆਂ ਕਾਰਨ ਲੋਕਾਂ ਦੇ ਵਾਹਨ ਅਤੇ ਲੱਤਾ ਗੋਡੇ ਟੁੱਟ ਜਾਂਦੇ ਹਨ। ਬਾਰਸ਼ਾਂ ਦੇ ਦਿਨਾਂ ਵਿੱਚ ਤਾਂ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ। ਪਾਣੀ ਭਰਨ ਕਰਕੇ ਖੱਡੇ ਵਿਖਾਈ ਨਹੀਂ ਦਿੰਦੇ ਤੇ ਸਕੂਟਰ-ਮੋਟਰ ਸਾਇਕਲਾਂ ਵਾਲੇ ਖੱਡਿਆਂ ਵਿੱਚ ਡਿੱਗ ਜਾਂਦੇ ਹਨ। ਸਭ ਤੋਂ ਮਾੜੀ ਹਾਲਤ ਸਾਈਕਲ-ਰਿਕਸ਼ਾ ਚਾਲਕਾਂ ਤੇ ਰੇਹੜੀਆਂ ਵਾਲਿਆਂ ਦੀ ਹੁੰਦੀ ਹੈ। ਪਰ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਮਜ਼ਬੂਰ ਹੋਏ ਲੋਕ ਖੁਦ ਹੀ ਖੱਡਿਆਂ ਵਿੱਚ ਮਲਬਾ ਤੇ ਇੱਟਾਂ ਰੋੜੇ ਸਿੱਟ ਦਿੰਦੇ ਹਨ। ਨਗਰ ਕੌਂਸਲ ਵੱਲੋਂ ਜਿਹੜੀਆਂ ਸੜਕਾਂ ਉਪਰ ਮਹਿਜ਼ ਚਾਰ ਕੁ ਮਹੀਨੇ ਪਹਿਲਾਂ ਹੀ ਇੰਟਰ ਲਾਕ ਟਾਇਲਾਂ ਲਾਈਆਂ ਹਨ ਉਹ ਟਾਇਲਾਂ ਵੀ ਬੈਠ ਗਈਆਂ ਹਨ। ਲੋਕਾਂ ਦੀ ਮੰਗ ਹੈ ਕਿ ਸੜਕਾਂ ਦੀ ਸਾਰ ਲਈ ਜਾਵੇ ਤਾਂ ਕਿ ਆਉਣ ਵਾਲੀਆਂ ਬਾਰਸ਼ਾਂ ‘ਚ ਇਹਨਾਂ ਦੀ ਦਸ਼ਾ ਸੁਧਰ ਸਕੇ।