ਮੈਡੀਕਲ ਏਜੰਸੀ ‘ਚ ਅੱਗ ਲੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ

ਸ੍ਰੀ ਮੁਕਤਸਰ ਸਾਹਿਬ, 11 ਮਈ (ਸੁਖਵੰਤ ਸਿੰਘ) : ਸਥਾਨਕ ਬਠਿੰਡਾ-ਮਲੋਟ ਰੋਡ ਨੂੰ ਮਿਲਾਉਂਦੀ ਅਜੀਤ ਸਿਨੇਮਾ ਵਾਲੇ ਰੋਡ ‘ਤੇ ਸਥਿਤ ਸ਼ਿਵਮ ਮੈਡੀਕਲ ਏਜੰਸੀ ਵਿਖੇ ਸੋਮਵਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤਾ ਫੌਰੀ ਪਹੁੰਚ ਗਿਆ ਤੇ ਅੱਗ ਤੇ ਕਾਬੂ ਪਾ ਲਿਆ ਜਿਸਦੇ ਚੱਲਦੇ ਆਸ-ਪਾਸ ਦੀਆਂ ਦੁਕਾਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਏਜੰਸੀ ‘ਚ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋਣਾ ਦੱਸਿਆ ਜਾ ਰਿਹਾ ਹੈ। ਏਜੰਸੀ ਦੇ ਮੁਲਾਜ਼ਮ ਭੂਸ਼ਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਥੋਕ ਦਵਾਈਆਂ ਦਾ ਕੰਮ ਹੈ। ਬਾਅਦ ਦੁਪਹਿਰ ਕਿਸੇ ਰਾਹਗੀਰ ਨੇ ਦੱਸਿਆ ਕਿ ਉਪਰਲੀ ਬਿਲਡਿੰਗ ‘ਤੇ ਧੂੰਆਂ ਨਿਕਲ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਉਪਰ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਚੁੱਕੀ ਸੀ। ਇਸੇ ਦੌਰਾਨ ਉੱਥੋਂ ਲੰਘ ਰਹੇ ਪੁਲਿਸ ਪੀਸੀਆਰ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪੁੱਜ ਕੇ ਇਸਦੀ ਸੂਚਨਾ ਫਾਇਰ ਬਿਗ੍ਰੇਡ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਬਿਗ੍ਰੇਡ ਦੀ ਗੱਡੀ ਨੇ ਆ ਕੇ ਅੱਗ ‘ਤੇ ਕਾਬੂ ਪਾਇਆ।ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਰਟ ਸ਼ਰਕਟ ਕਾਰਨ ਵਾਪਰਨ ਦਾ ਅੰਦੇਸ਼ਾ ਹੈ।ਉਨ੍ਹਾਂ ਦੱਸਿਆ ਕਿ ਉਪਰਲੀ ਬਿਲਡਿੰਗ ‘ਚ 10-12 ਕੁਇੰਟਲ ਗੱਤੇ ਦੇ ਡੱਬੇ ਤੇ ਭਾਰੀ ਮਾਤਰਾ ‘ਚ ਲੱਖਾਂ ਰੁਪਏ ਦੀਆਂ ਦਵਾਈਆਂ ਸਨ। ਇਸੇ ਦੌਰਾਨ ਮੌਕੇ ‘ਤੇ ਪੁੱਜੀ ਫਾਇਰ ਬਿਗ੍ਰੇਡ ਦੀ ਗੱਡੀ ਨੇ ਤੁਰੰਤ ਅੱਗ ‘ਤੇ ਕਾਬੂ ਪਾਇਆ ਤੇ ਆਸ ਪਾਸ ਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ।