ਸਾਈਕਲ ‘ਤੇ 1400 ਕਿਲੋਮੀਟਰ ਸਫਰ ਤਹਿ ਕਰਕੇ 10 ਦਿਨਾਂ ਵਿੱਚ ਬਿਹਾਰ ਤੋਂ ਕੋਟਕਪੂਰੇ ਪੁੱਜਾ ਨੌਜਵਾਨ!

ਫੋਟੋ : ਕੇ.ਕੇ.ਪੀ.-ਗੁਰਿੰਦ

ਕੋਟਕਪੂਰਾ,(ਗੁਰਿੰਦਰ ਸਿੰਘ) :- ਲਾਕਡਾਊਨ/ਕਰਫਿਉੂ ਕਾਰਨ ਆਪਣੇ ਘਰਾਂ ਤੋਂ ਦੂਰ ਅਰਥਾਤ ਕਈ-ਕਈ ਸੌ ਕਿਲੋਮੀਟਰ ਦੀ ਦੂਰੀ ਤੋਂ ਦੇਸ਼ ਦੇ ਦੂਰ-ਦੁਰਾਡੇ ਰਾਜਾਂ ‘ਚੋਂ ਆਪਣੇ ਘਰ ਪਰਤਣ ਲਈ ਬੇਤਾਬ ਲੋਕਾਂ ਦੀ ਅਜੇ ਵੀ ਕੋਈ ਕਮੀਂ ਨਹੀਂ, ਭਾਂਵੇ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਥਾਨਕ ਜਲਾਲੇਆਣਾ ਸੜਕ ‘ਤੇ ਸਥਿੱਤ ਦੇਸਰਾਜ ਬਸਤੀ ਦੇ ਵਸਨੀਕ ਨੌਜਵਾਨ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਹੋਂਸਲੇ ਦੀ ਦਾਦ ਦੇਣੀ ਬਣਦੀ ਹੈ, ਜਿਸਨੇ ਕਿਸੇ ਵੀ ਮੁਸ਼ਕਿਲ, ਸਮੱਸਿਆ, ਮੁਸੀਬਤ ਜਾਂ ਪ੍ਰੇਸ਼ਾਨੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਬਿਹਾਰ ਦੇ ਜ਼ਿਲੇ ਪੂਰਨੀਆਂ ਦੇ ਪਿੰਡ ਵਾਸਲ ਤੋਂ ਸਾਈਕਲ ਰਾਹੀਂ 1400 ਕਿਲੋਮੀਟਰ ਦਾ ਪੈਂਡਾ ਲਗਾਤਾਰ 10 ਦਿਨ੍ਹਾਂ ‘ਚ ਤਹਿ ਕੀਤਾ ਅਤੇ ਆਪਣੇ ਸ਼ਹਿਰ ਪਹੁੰਚ ਗਿਆ। ਉਹ ਉਥੇ ਕੰਬਾਇਨ ਚਾਲਕਾਂ ਨਾਲ ਗਿਆ ਹੋਇਆ ਸੀ।

ਆਪਣੇ ਨਵੇਂ ਕਢਵਾਏ ਸਾਈਕਲ ਰਾਹੀਂ ਇਥੇ ਪੁੱਜਕੇ ਉਸਨੇ ਘਰ ਜਾਣ ਦੀ ਬਜਾਇ ਸਿਵਲ ਹਸਪਤਾਲ ਜਾਣਾ ਹੀ ਮੁਨਾਸਿਬ ਸਮਝਿਆ। ਗੱਲਬਾਤ ਕਰਦਿਆਂ ਜਗਸੀਰ ਸਿੰਘ ਨੇ ਦੱਸਿਆ ਕਿ ਉਸਦਾ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਨਾਲ ਸੰਪਰਕ ਤਾ ਹੋਇਆ ਪਰ ਉਨ੍ਹਾਂ ਆਨਲਾਈਨ ਅਪਲਾਈ ਕਰਨ ਬਾਰੇ ਆਖਿਆ। ਆਨਲਾਈਨ ਅਪਲਾਈ ਕਰਨ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਰਹੀ, ਕਿਉਂਕਿ ਪੰਜਾਬ ਸਰਕਾਰ ਦੀ ਸਿਫਾਰਸ਼ ‘ਤੇ ਉਸ ਕੋਲ ਪੁੱਜੇ ਬਿਹਾਰ ਸਰਕਾਰ ਦੇ ਅਧਿਕਾਰੀਆਂ ਵਲੋਂ ਉਸਨੂੰ ਆਪਣਾ ਵਾਹਨ ਕਿਰਾਏ ‘ਤੇ ਲੈ ਕੇ ਘਰ ਪਰਤਣ ਦੀ ਨਸੀਅਤ ਦਿੱਤੀ ਗਈ, ਪ੍ਰਾਈਵੇਟ ਗੱਡੀ ਦੇ ਚਾਲਕ ਵਲੋਂ 40,000 ਰੁਪਏ ਦੀ ਕੀਤੀ ਗਈ ਮੰਗ ਨੇ ਉਸਨੂੰ ਅੰਦਰੋਂ ਝੰਜੋੜ ਕੇ ਰੱਖ ਦਿਤਾ, ਕਿਉਂਕਿ ਐਨਾ ਖਰਚ ਕਰਨਾ ਉਸ ਦੇ ਵਸੋਂ ਬਾਹਰ ਸੀ। ਰਸਤੇ ਵਿਚ ਕਿਤੇ ਖਾਣਾ ਮਿਲਿਆ ਤਾਂ ਮਹਿੰਗਾ ਅਤੇ ਉਹ ਵੀ ਬਾਸੀ! ਕਈ ਵਾਰ ਭੁੱਖੇ ਪਿਆਸੇ ਹੀ ਸਾਈਕਲ ਚਲਾਉਣ ਲਈ ਮਜ਼ਬੂਰ ਹੋਣਾ ਪਿਆ। ਸਟਾਫ ਨਰਸ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਜਗਸੀਰ ਸਿੰਘ ਦੇ ਕੋਰੋਨਾ ਸੈਂਪਲ ਲਏ ਜਾਣਗੇ। ਮੇਜਰ ਅਮਿਤ ਸਰੀਨ ਐਸਡੀਐਮ ਮੁਤਾਬਿਕ ਜਗਸੀਰ ਦੇ ਸੈਂਪਲ ਲੈਣ ਉਪਰੰਤ ਉਸਨੂੰ 14 ਦਿਨ ਲਈ ਏਕਾਂਤਵਾਸ ਕੀਤਾ ਜਾ ਰਿਹਾ ਹੈ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਸ ਘਟਨਾ ਨੂੰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਨਲਾਇਕੀ ਆਖਦਿਆਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਦੇਸ਼ ਦੇ ਹੋਰਨਾਂ ਰਾਜਾਂ ਤੋਂ ਸੁਰੱਖਿਅਤ ਲਿਆਉਣ ਦੀ ਜਿੰਮੇਵਾਰੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਹੁੰਦੀ ਹੈ।