ਸਿਹਤ ਵਿਭਾਗ ਵਲੋਂ ਕਈ ਦੁਕਾਨਾਂ ਤੇ ਖਾਣਪੀਣ ਵਾਲੀਆਂ ਚੀਜਾਂ ਦੀ ਕੀਤੀ ਚੈਕਿਗ

ਮਲੋਟ 15 ਮਈ(ਕ੍ਰਿਸ਼ਨ ਮਿੱਡਾ) । -ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਤੇ ਕੋਰੋਨਾ ਮਹਾਂਮਾਰੀ ਦੇ ਵਿਚ ਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਸਾਫ਼ ਸੁਥਰੀਆਂ ਅਤੇ ਸ਼ੁੱਧ ਵਸਤੂਆਂ ਮਿਲਣ ਇਸ ਦੇ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਮਿਲੇ ਦਿਸ਼ਾਂ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਸ਼ੁਕਰਵਾਰ ਨੂੰ ਫ਼ੂਡ ਇੰਸਪੈਕਟਰ ਅਭਿਨਵ ਖੋਸਲਾ ਵਲੋਂ ਸ਼ਹਿਰ ਦੀਆਂ ਕਈ ਦੁਕਾਨਾਂ ਤੇ ਜਾ ਕੇ ਜਾਂਚ ਕੀਤੀ ਗਈ। ਇਸ ਮੌਕੇ ਤੇ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫ਼ੂਡ ਇੰਸਪੈਕਟਰ ਅਭਿਨਵ ਖੋਸਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਫੂਡ ਸੈਕਟਰੀ ਸ. ਕਾਹਨ ਸਿੰਘ ਪੰਨੂੰ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਅੱਜ ਸ਼ਹਿਰ ਵਿਚ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਦੁਕਾਨਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਿਆਦ ਪੂਰੀ ਕਰ ਚੁੱਕੇ ਕੋਲਡ ਡਰਿੰਕ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਗੁੜ ਬਾਜ਼ਾਰ ਦੀ ਇੱਕ ਦੁਕਾਨ ਤੋਂ ਤੇਜ਼ਾਬ ਦੀ ਖੇਪ ਮਿਲਣ ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਤੋਂ ਇਲਾਵਾ ਈਜ਼ੀ ਡੇ ਤੇ ਆਪਣੀ ਮਿਆਦ ਪੂਰੀ ਕਰ ਚੁੱਕੇ ਭਾਰੀ ਮਾਤਰਾ ਵਿਚ ਦੁੱਧ ਦੇ ਪੈਕੇਟ, ਆਈਸ ਕ੍ਰੀਮ, ਜੂਸ ਮਿਲਿਆ ਹੈ, ਜਿਸ ਨੂੰ ਖੁਲ•ਵਾ ਕੇ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਈ ਦੁਕਾਨਾਂ ਤੋਂ ਮਿਲਵਾਟੀ ਘਿਓ ਵੀ ਮਿਲਿਆ ਹੈ,ਜਿਸ ਲਈ ਉਨ੍ਹਾਂ ਦੁਕਾਨਦਾਰਾਂ ਨੂੰ ਚਿਤਵਾਨੀ ਵੀ ਦਿੱਤੀ ਗਈ ਹੈ ਕਿ ਉਹ ਆਪਣੀ ਮਿਆਦ ਪੂਰੀ ਕਰ ਚੁੱਕੀਆਂ ਵਸਤੂਆਂ ਨਾ ਵੇਚਣ।ਇਸ ਮੌਕੇ ਤੇ ਚਰਨਦਾਸ, ਤਰਸੇਮ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।