ਸਰਕਾਰੀ ਰਜਿੰਦਰਾ ਹਸਪਤਾਲ ‘ਚ ਕਲਰਕ ਦੇ ਪਾਜੇਟਿਵ ਆਉਣ ਤੋਂ ਬਾਅਦ ਦਫ਼ਤਰ ਬੰਦ, ਮੈਡੀਕਲ ਸੁਪਰਡੈਂਟ ਸਣੇ 9 ਕੁਆਰੰਟਾਈਨ

ਪਟਿਆਲਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਸਰਕਾਰੀ ਰਜਿੰਦਰਾ ਹਸਪਤਾਲ ‘ਚ ਉਸ ਸਮੇਂ ਸਟਾਫ ਨੂੰ ਭਾਜੜਾਂ ਪੈ ਗਈਆਂ ਜਦੋਂ ਕਲਰਕ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਖਾਤਾ ਦਫਤਰ ਨੂੰ ਸਿਹਤ ਵਿਭਾਗ ਵਲੋਂ 24 ਘੰਟੇ ਲਈ ਬੰਦ ਕਰਵਾ ਦਿੱਤਾ ਗਿਆ। ਇਸ ਦੇ ਨਾਲ ਹੀ ਕਲਰਕ ਦੇ ਸੰਪਰਕ ‘ਚ ਆਉਣ ਵਾਲੇ ਮੈਡੀਕਲ ਸੁਪਰਡੈਂਟ ਸਣੇ 9 ਸਟਾਫ ਮੈਂਬਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਇਹਤਿਆਤ ਵਜੋਂ ਸਿਹਤ ਵਿਭਾਗ ਵੱਲੋਂ ਸੈਂਪਲ ਵੀ ਲਏ ਗਏ ਹਨ।ਜਾਣਕਾਰੀ ਅਨੁਸਾਰ ਸਰਕਾਰੀ ਰਜਿੰਦਰਾ ਹਸਪਤਾਲ ‘ਚ ਸ਼ੁੱਕਰਵਾਰ ਨੂੰ ਨਰਸਾਂ ਸਮੇਤ 11 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਜਿਨ੍ਹਾਂ ਦੇ ਸੰਪਰਕ ‘ਚ ਕਲੈਰੀਕਲ ਸਟਾਫ ਦਾ ਇਕ ਮੈਂਬਰ ਵੀ ਆਇਆ ਸੀ। ਉਸ ਦੇ ਵਿਭਾਗ ਵੱਲੋਂ ਇਹਤਿਆਤ ਵਜੋਂ ਸੈਂਪਲ ਵੀ ਲਏ ਗਏ ਸਨ। ਕਲਰਕ ਦੀ ਲੰਘੇ ਦਿਨ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਕਲਰਕ ਦੇ ਸੰਪਰਕ ‘ਚ ਆਉਣ ਵਾਲੇ ਮੈਡੀਕਲ ਸੁਪਰਡੈਂਟ ਤੇ ਡਿਪਟੀ ਮੈਡੀਕਲ ਸੁਪਰਡੈਂਟ ਸਣੇ 7 ਸਟਾਫ ਮੈਂਬਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਕਲਰਕ ਸਟਾਫ ਮੈਂਬਰਾਂ ਤੋਂ ਇਲਾਵਾ 48 ਹੋਰ ਵਿਅਕਤੀਆਂ ਦੇ ਸੰਪਰਕ ‘ਚ ਵੀ ਆਇਆ ਹੈ ਜਿਨ੍ਹਾਂ ਦੀ ਕਾਂਟੈਕਟ ਟ੍ਰੇਸਿੰਗ ਵੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੁਝ ਸਟਾਫ ਮੈਂਬਰਾਂ ‘ਚ ਕੋਰੋਨਾ ਦੇ ਲੱਛਣ ਵੀ ਪਾਏ ਗਏ ਹਨ।
ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਆਈਸੋਲੇਸਨ ਵਾਰਡ ‘ਚ ਭਰਤੀ ਕਰਵਾ ਦਿੱਤਾ ਹੈ। ਇਹ ਇਕ ਗੰਭੀਰ ਮਾਮਲਾ ਹੈ ਇਸ ਲਈ ਸਿਹਤ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੰਪਰਕ ‘ਚ ਆਏ ਵਿਅਕਤੀਆਂ ਦੀ ਭਾਲ ਕਰ ਕੇ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਜੋ ਵਾਇਰਸ ਨਾ ਫੈਲ ਸਕੇ।