ਮਾਤਮ ‘ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਸੜਕ ਹਾਦਸੇ ‘ਚ ਵਿਆਂਦੜ ਦੀ ਮੌਤ

ਸੰਗਰੂਰ , (ਪੰਜਾਬੀ ਸਪੈਕਟ੍ਰਮ ਸਰਵਿਸ): ਸੁਨਾਮ ਊਧਮ ਸਿੰਘ ਵਾਲਾ ਦੇ ਨਜ਼ਦੀਕੀ ਪਿੰਡ ਉਗਰਾਹਾਂ ਵਿਖੇ ਖ਼ੁਸ਼ੀ ਦਾ ਮਾਹੌਲ ਉਸ ਸਮੇਂ ਗਮੀ ‘ਚ ਬਦਲ ਗਿਆ, ਜਦੋਂ ਵਿਆਹ ਵਾਲੇ ਮੁੰਡੇ ਦੀ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਦੱਸਿਆ ਕਿ ਪਿੰਡ ਉਗਰਾਹਾਂ ਦਾ ਨੌਜਵਾਨ ਸੁਖਦੀਪ ਸਿੰਘ (ਰਾਜੂ) ਪੁੱਤਰ ਮੇਜਰ ਸਿੰਘ ਜਿਸ ਦਾ ਵਿਆਹ ਸੀ ਤੇ ਘਰ ‘ਚ ਰਿਸ਼ਤੇਦਾਰ ਆਏ ਹੋਏ ਸਨ। ਐਤਵਾਰ ਨੂੰ ਨੌਜਵਾਨ ਦੀ ਬਰਾਤ ਪਿੰਡ ਕੱਟੂ ਵਾਲੀਆ ਜਾਣੀ ਸੀ। ਬਰਾਤੇ ਜਾਣ ਵਾਸਤੇ ਆਪਣੇ ਦੋਸਤ ਨੂੰ ਸੁਨੇਹਾ ਦੇਣ ਲਈ ਜਾ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਕੰਧ ‘ਚ ਵੱਜ ਗਿਆ ਅਤੇ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।ਨੌਜਵਾਨ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਸੁਖਦੀਪ ਕਦੋਂ ਮੋਟਰਸਾਈਕਲ ਲੈ ਕੇ ਘਰ ਤੋਂ ਬਾਹਰ ਚਲਾ ਗਿਆ। ਉਸ ਦੇ ਦੋ ਹੀ ਬੱਚੇ ਹਨ। ਵੱਡੀ ਕੁੜੀ ਦਾ ਵਿਆਹ ਹੋ ਚੁੱਕਿਆ ਹੈ। ਜੋ ਇਸ ਸਮੇਂ ਵਿਦੇਸ਼ ਵਿਚ ਰਹਿੰਦੀ ਹੈ। ਸੁਖਦੀਪ ਖੇਤੀਬਾੜੀ ਦਾ ਕੰਮ ਕਰਦਾ ਸੀ, ਪੂਰਾ ਪਰਿਵਾਰ ਵਿਆਹ ਦਾ ਜਸ਼ਨ ਮਨਾ ਰਿਹਾ ਸੀ। ਵਿਆਹ ਲਈ ਜ਼ਿਆਦਾ ਰਿਸ਼ਤੇਦਾਰ ਨਹੀਂ ਬੁਲਾਏ ਸਨ, ਪਰ ਨੇੜਲੇ ਕੁਝ ਰਿਸ਼ਤੇਦਾਰ ਪਹੁੰਚੇ ਹੋਏ ਸਨ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਘਰ ਵਿਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਮਾਤਮ ਵਿਚ ਬਦਲ ਗਈਆਂ। ਸੁਖਦੀਪ ਦੀ ਬਰਾਤ ਸੰਗਰੂਰ ਦੇ ਨਜ਼ਦੀਕੀ ਪਿੰਡ ਵਿਚ ਹੀ ਜਾਣੀ ਸੀ। ਪੁਲਿਸ ਵੱਲੋਂ ਮਿ੍ਰਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।