ਪਾਕਿਸਤਾਨੀ ਫੌਜ ਦੀ ਗੋਲੀਬਾਰੀ ਨਾਲ ਭਾਰਤ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ

ਜੰਮੂ (ਪੰਜਾਬੀ ਸਪੈਕਟ੍ਰਮ ਸਰਵਿਸ): ਕਸਮੀਰ ਦੇ ਰਾਜੌਰੀ ਜਿਲ੍ਹੇ ਵਿਚ ਕੰਟਰੋਲ ਰੇਖਾ ਨੇੜੇ ਬੁੱਧਵਾਰ ਨੂੰ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿਚ ਭਾਰਤੀ ਫੌਜ ਦਾ ਜੇਸੀਓ ਸੂਬੇਦਾਰ ਰਾਜੇਸ਼ ਕੁਮਾਰ  ਸ਼ਹੀਦ ਹੋ ਗਿਆ, ਉਹ ਪੰਜਾਬ ਦੇ ਮੁਕੇਰੀਆਂ ਇਲਾਕੇ ਦੇ ਪਿੰਡ ਕਲੀਚਪੁਰ ਕਲੌਤਾ ਦੇ ਵਸਨੀਕ ਸਨ। ਰੱਖਿਆ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨੇ ਕੇਰੀ ਸੈਕਟਰ ਵਿਚ ਮੂਹਰਲੀਆਂ ਚੌਕੀਆਂ ’ਤੇ ਫਾਇਰਿੰਗ ਕਰਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਭਾਰਤੀ ਫੌਜ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਗੋਲੀਬਾਰੀ ਵਿਚ ਜੇਸੀਓ ਗੰਭੀਰ ਜਖਮੀ ਹੋ ਗਿਆ, ਜੋ ਬਾਅਦ ਵਿੱਚ ਸ਼ਹੀਦ ਹੋ ਗਿਆ। ਭਾਰਤ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ ਫੌਜੀ ਵੀ ਜਖਮੀ ਹੋਏ ਹਨ ਪਰ ਇਸ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ।
ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਸੂਬੇਦਾਰ ਰਾਜੇਸ਼ ਕੁਮਾਰ ਪੁੱਤਰ ਰਾਮ ਚੰਦ, ਜੋ  ਰਾਜੌਰੀ (ਜੰਮੂ-ਕਸ਼ਮੀਰ) ਵਿਖੇ ਡਿਊਟੀ ‘ਤੇ ਤਾਇਨਾਤ ਸੀ, ਦੇ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋਣ ਕਾਰਨ ਇਲਾਕੇ ਵਿੱਚ ਸੋਗ ਫੈਲ ਗਿਆ ਹੈ। ਫ਼ੌਜ ਵੱਲੋਂ ਰਾਜੇਸ਼ ਕੁਮਾਰ ਦੀ ਦੇਹ ਪਿੰਡ ਕਲੀਚਪੁਰ ਕਲੋਤਾ ਲਈ ਰਵਾਨਾ ਕਰ ਦਿੱਤੀ ਗਈ ਹੈ। ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।