ਯੂਪੀ ਪੁਲੀਸ ਨੇ ਰਾਹੁਲ ਤੇ ਪਿ੍ਰਯੰਕਾ ਗਾਂਧੀ ਨੂੰ ਹਿਰਾਸਤ ’ਚ ਲਿਆ

ਯੂਪੀ ਪੁਲੀਸ ਨੇ ਰਾਹੁਲ ਤੇ ਪਿ੍ਰਯੰਕਾ ਗਾਂਧੀ ਨੂੰ ਹਿਰਾਸਤ ’ਚ ਲਿਆ

 

ਲਖਨਊ/ਹਾਥਰਸ, (ਪੰਜਾਬੀ ਸਪੈਕਟ੍ਰਮ ਸਰਵਿਸ) : ਯੂਪੀ ਪੁਲੀਸ ਨੇ ਹਾਥਰਸ ਕਾਂਡ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਕਰ ਦਿੱਤਾ ਹੈ। ਪੁਲੀਸ ਸੂਤਰਾਂ ਮੁਤਾਬਕ ਦੋਵਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਕੁਝ ਦੇਰ ਗੈਸਟ ਹਾਊਸ ਵਿੱਚ ਰੱਖਣ ਮਗਰੋਂ ਰਿਹਾਅ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਦੋਵਾਂ ਨੂੰ ਯੂਪੀ ਪੁਲੀਸ ਦੀ ਅਗਵਾਈ ਵਿੱਚ ਵਾਪਸ ਦਿੱਲੀ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਯੂਪੀ ਪੁਲੀਸ ਨੇ ਰਾਹੁਲ ਤੇ ਪਿ੍ਰਯੰਕਾ ਨੂੰ ਧਾਰਾ 188 ਤਹਿਤ ਹਿਰਾਸਤ ਵਿੱਚ ਲੈ ਲਿਆ ਸੀ। ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਦੱਸਿਆ ਕਿ ਪੈਦਲ ਹਾਥਰਸ ਵੱਲ ਨੂੰ ਜਾ ਰਹੇ ਰਾਹੁਲ ਗਾਂਧੀ ਨੂੰ ਪੁਲੀਸ ਨੇ ਧੱਕੇ ਮਾਰੇ, ਜਿਸ ਦੌਰਾਨ ਉਨ੍ਹਾਂ ਦੇ ਹੱਥ ’ਤੇ ਸੱਟ ਲੱਗੀ ਹੈ। ਉਂਜ ਧੱਕਾਮੁੱਕੀ ਮਗਰੋਂ ਪੁਲੀਸ ਤੇ ਰਾਹੁਲ ਦਰਮਿਆਨ ਗਰਮਾ ਗਰਮੀ ਵੀ ਹੋਈ। ਇਸ ਦੌਰਾਨ ਪੁਲੀਸ ਨੇ ਕਾਂਗਰਸੀ ਵਰਕਰਾਂ ’ਤੇ ਵੀ ਸੋਟੀਆਂ ਵਰ੍ਹਾਈਆਂ ਤੇ ਕਈ ਵਰਕਰ ਜਖਮੀ ਹੋ ਗਏ। ਗੌਤਮ ਬੁੱਧ ਨਗਰ ਦੇ ਵਧੀਕ ਡੀਸੀਪੀ ਰਣਵਿਜੈ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਉਨ੍ਹਾਂ ਨੂੰ ਹੋਰ ਅੱਗੇ ਜਾਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਹਾਥਰਸ ਕਾਂਡ ਪੀੜਤਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਜਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕਾਫਲੇ ਨੂੰ ਪੁਲੀਸ ਨੇ ਗ੍ਰੇਟਰ ਨੌਇਡਾ ’ਚ ਹੀ ਰੋਕ ਲਿਆ। ਇਸ ਮਗਰੋਂ ਦੋਵੇਂ ਆਗੂ ਪੈਦਲ ਹੀ ਉਥੋਂ ਹਾਸਰਸ ਲਈ ਤੁਰ ਪਏ। ਇਸ ਦੌਰਾਨ ਰਾਹੁਲ ਗਾਂਧੀ ਨੇ ਪੁਲੀਸ ’ਤੇ ਉਨ੍ਹਾਂ ਨਾਲ ਧੱਕਾਮੁੱਕੀ ਕਰਨ ਦਾ ਦੋਸ਼ ਲਾਇਆ ਹੈ। ਰਾਹੁਲ ਨੇ ਕਿਹਾ,‘ ਪੁਲੀਸ ਨੇ ਮੈਨੂੰ ਧੱਕਾ ਮਾਰਿਆ। ਲਾਠੀਆਂ ਵਰ੍ਹਾਈਆਂ ਤੇ ਜਮੀਨ ’ਤੇ ਸੁੱਟ ਲਿਆ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਇਸ ਦੇਸ਼ ਵਿੱਚ ਮੋਦੀ ਜੀ ਨੂੰ ਹੀ ਸੜਕ ’ਤੇ ਤੁਰਨ ਦੀ ਖੁੱਲ੍ਹ ਹੈ।’ ਇਸ ਦੌਰਾਨ ਯੂਪੀ ਸਰਕਾਰ ਦੇ ਬੁਲਾਰੇ ਤੇ ਕੈਬਨਿਟ ਮੰਤਰੀ ਸਿਧਾਰਥਨਾਥ ਸਿੰਘ ਨੇ ਰਾਹੁਲ ਤੇ ਪਿ੍ਰਯੰਕਾ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ‘ਦਿੱਲੀ ਤੋਂ ਚੱਲੇ ਇਨ੍ਹਾਂ ਭੈਣ ਭਰਾਵਾਂ ਨੂੰ ਹਾਥਰਸ ਦੀ ਥਾਂ ਰਾਜਸਥਾਨ ਜਾਣਾ ਚਾਹੀਦਾ ਸੀ, ਜਿੱਥੇ ਜਬਰ-ਜਨਾਹ ਦਾ ਅਪਰਾਧ ਹੋਇਆ ਹੈ। ਇਸ ਦੌਰਾਨ ਹਾਥਰਸ ਜਿਲ੍ਹੇ ਵਿੱਚ ਧਾਰਾ 144 ਲਾਗੂ ਹੋਣ ਮਗਰੋਂ ਸਾਰੀਆਂ ਸਰਹੱਦਾ ਸੀਲ ਕਰ ਦਿੱਤੀਆਂ ਗਈਆਂ ਹਨ। ਧਾਰਾ 144 ਜਿਲ੍ਹੇ ਵਿੱਚ 31 ਅਕਤੂਬਰ ਤਕ ਅਮਲ ਵਿੱਚ ਰਹੇਗੀ।