ਸੜਕ ਹਾਦਸੇ ’ਚ ਨੌਜਵਾਨ ਦੀ ਜਨਮਦਿਨ ਵਾਲੇ ਦਿਨ ਹੀ ਮੌਤ

ਸੜਕ ਹਾਦਸੇ ’ਚ ਨੌਜਵਾਨ ਦੀ ਜਨਮਦਿਨ ਵਾਲੇ ਦਿਨ ਹੀ ਮੌਤ

ਭਵਾਨੀਗੜ੍ਹ, (ਪੰਜਾਬੀ ਸਪੈਕਟ੍ਰਮ ਸਰਵਿਸ) : ਬੀਤੇ ਦਿਨ ਸਥਾਨਕ ਸ਼ਹਿਰ ਦੀ ਸੰਗਰੂਰ ਰੋਡ ਉਪਰ ਹੋਏ ਸੜਕ ਹਾਦਸੇ ‘ਚ ਮਾਰੇ ਗਏ ਨੌਜਵਾਨ ਦੀ ਘਟਨਾ ਸਬੰਧੀ ਪੁਲਸ ਨੇ ਮਿ੍ਰਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਇਕ ਮੋਟਰਸਾਈਕਲ ਚਾਲਕ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ‘ਚ ਮਾਰੇ ਗਏ ਨੌਜਵਾਨ ਲਖਵਿੰਦਰ ਸਿੰਘ ਦੇ ਪਿਤਾ ਸਰਬੰਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਦੂਜੇ ਮੋਟਰਸਾਈਕਲ ਚਾਲਕ ਕਰਮਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਫੱਗੂਵਾਲਾ ਨੂੰ ਹਾਦਸੇ ਲਈ ਜਿੰਮੇਵਾਰ ਠਹਿਰਾਉਂਦਿਆਂ ਕਰਮਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਮਿ੍ਰਤਕ ਨੌਜਵਾਨ ਲਖਵਿੰਦਰ ਸਿੰਘ ਜੋ ਕਿ ਪੀ.ਆਰ.ਟੀ.ਸੀ ‘ਚ ਬਤੌਰ ਬੱਸ ਚਾਲਕ ਨੌਕਰੀ ਕਰਦਾ ਸੀ ਦਾ ਅੱਜ ਮੰਗਲਵਾਰ ਨੂੰ ਉਸਦਾ ਜਨਮ ਦਿਨ ਸੀ ਅਤੇ ਉਸ ਦੇ ਜਨਮ ਦਿਨ ਵਾਲੇ ਦਿਨ ਉਸ ਦਾ ਅੰਤਿਮ ਸੰਸਕਾਰ ਹੋਣ ਬਹੁਤ ਹੀ ਦੁੱਖ ਦੀ ਗੱਲ ਸੀ। ਜੋ ਪਰਿਵਾਰ ਲਈ ਨਾ ਸਹਿਣਯੋਗ ਸੀ। ਇਸ ਘਟਨਾ ਨੂੰ ਲੈ ਕੇ ਜਿੱਥੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਉਥੇ ਹੀ ਭੁੱਬਾਂ ਮਾਰ-ਮਾਰ ਸਾਰਾ ਪਿੰਡ ਵੀ ਰੋਇਆ ਅਤੇ ਪਿੰਡ ਵਾਸੀਆਂ ਅਤੇ ਸ਼ਹਿਰ ਤੇ ਇਲਾਕਾ ਨਿਵਾਸੀਆਂ ‘ਚ ਇੱਥੇ ਸਖ਼ਤ ਰੋਸ ਪਾਇਆ ਜਾ ਰਿਹਾ ਸੀ ਕਿ ਸ਼ਹਿਰ ‘ਚੋਂ ਲੰਘਦੀ ਨੈਸ਼ਨਲ ਹਾਈਵੇ ਨੰਬਰ 7 ਉਪਰ ਛੱਡੇ ਗਏ ਅਣ-ਅਧਿਕਾਰਤ ਕੱਟ ਹਾਦਸਿਆਂ ਨੂੰ ਸੱਦਾ ਦੇ ਕੇ ਲੋਕਾਂ ਲਈ ਜਾਨ ਦਾ ਖੌਅ ਬਣ ਰਹੇ ਹਨ ਅਤੇ ਇਨ੍ਹਾਂ ਕੱਟਾਂ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਜਿਸ ਕਾਰਨ ਸ਼ਹਿਰ ‘ਚ ਅਣਅਧਿਕਾਰਤ ਕੱਟਾਂ ਉਪਰ ਲਗਾਤਾਰ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ‘ਚ ਅਣਅਧਿਕਾਰਤ ਕੱਟਾਂ ਨੂੰ ਬੰਦ ਕਰਵਾਇਆ ਜਾਵੇ। ਸ਼ਹਿਰ ‘ਚ ਕੱਟਾਂ ਉਪਰ ਟ੍ਰੈਫਿਕ ਕੰਟਰੋਲ ਕਰਨ ਵਾਲੀਆਂ ਬੱਤੀਆਂ ਲਗਾਈਆਂ ਜਾਣ ਅਤੇ ਵਾਹਨਾਂ ਦੀ ਸਪੀਡ ਨੂੰ ਘੱਟ ਕਰਨ ਲਈ ਸਪੀਡ ਬਰੇਗਰ ਬਣਾਏ ਜਾਣ ਅਤੇ ਬੈਰੀਗ੍ਰੇਡਿੰਗ ਸਖ਼ਤ ਕੀਤੀ ਜਾਵੇ।
ਇੱਥੇ ਦੱਸਣਯੋਗ ਹੈ ਕਿ ਬੀਤੇ ਕੱਲ ਇੱਥੇ ਅਨਾਜ ਮੰਡੀ ਵਿਖੇ ਆਲ ਇੰਡੀਆ  ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਸਮੇਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਮੁੱਖ ਮਾਰਗ ਦੀਆਂ ਤਿੰਨ ਸੜਕਾਂ ਆਮ ਟਰੈਫਿਕ ਲਈ ਬੰਦ ਕਰ ਦਿੱਤੀਆਂ ਸਨ।ਸਿਰਫ ਇਕੋ ਸੜਕ ਤੇ ਹੀ ਟਰੈਫਿਕ ਚੱਲਦੀ ਸੀ।ਇਸੇ ਸੜਕ ਤੇ ਬਿਜਲੀ ਗਰਿੱਡ ਦੇ ਨੇੜੇ ਪੈਟਰੋਲ ਪੰਪ ਦੇ ਅੱਗੇ ਅਣਅਧਿਕਾਰਤ ਕੱਟ ਤੇ ਲਖਵਿੰਦਰ ਸਿੰਘ (35) ਵਾਸੀ ਭੱਟੀਵਾਲ ਖੁਰਦ ਹਾਲ ਆਬਾਦ ਬਲਿਆਲ ਰੋਡ ਭਵਾਨੀਗੜ੍ਹ ਜਦੋਂ ਆਪਣੇ ਮੋਟਰਸਾਈਕਲ ਜਾ ਰਿਹਾ ਸੀ ਤਾਂ ਦੂਜੇ ਪਾਸੇ ਤੋਂ ਇਕੋ ਹੋਰ ਮੋਟਰਸਾਈਕਲ ਆ ਕੇ ਉਸ ਦੇ ਮੋਟਰਸਾਈਕਲ ਵਿੱਚ ਵੱਜਿਆ, ਜਿਸ ਕਾਰਨ ਲਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।