ਹਮੇਸ਼ਾ ਲਈ ਬਦਲ ਜਾਵੇਗਾ ਭਾਰਤ-ਚੀਨ ਦਾ ਰਿਸ਼ਤਾ, ਚੀਨੀ ਉਤਪਾਦਾਂ ਲਈ ਭਾਰਤ ਦੇ ਰਾਹ ਬੰਦ!

ਲੱਦਾਖ ਦੇ ਗਲਵਾਨ ਖੇਤਰ ‘ਚ ਸੋਮਵਾਰ ਦੇਰ ਰਾਤ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਜੋ ਕੁਝ ਵਾਪਰਿਆ, ਉਹ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸਦਾ ਲਈ ਬਦਲ ਸਕਦਾ ਹੈ। ਇਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦਰਮਿਆਨ ਗੈਰ ਰਸਮੀ ਗੱਲਬਾਤ ਦੇ ਦੌਰ ਨੂੰ ਰੋਕ ਸਕਦਾ ਹੈ।

ਨਵੀਂ ਦਿੱਲੀ: ਲੱਦਾਖ ਦੇ ਗਲਵਾਨ ਖੇਤਰ ‘ਚ ਸੋਮਵਾਰ ਦੇਰ ਰਾਤ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਜੋ ਕੁਝ ਵਾਪਰਿਆ, ਉਹ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸਦਾ ਲਈ ਬਦਲ ਸਕਦਾ ਹੈ। ਇਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦਰਮਿਆਨ ਗੈਰ ਰਸਮੀ ਗੱਲਬਾਤ ਦੇ ਦੌਰ ਨੂੰ ਰੋਕ ਸਕਦਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਫੋਰਮਾਂ ‘ਚ ਇੱਕ-ਦੂਜੇ ਦੇ ਮੌਜੂਦਾ ਸਮੀਕਰਨ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ।

ਸੰਕੇਤ ਇਹ ਹੈ ਕਿ ਇਸ ਸਾਲ ਦੋਹਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਦੇ 70 ਸਾਲ ਪੂਰੇ ਹੋਣ ‘ਤੇ ਕਰਾਏ ਜਾਣ ਵਾਲੇ ਸਾਰੇ ਜਸ਼ਨਾਂ ਦੇ ਪਰਦੇ ਪੈ ਸਕਦੇ ਹਨ। ਚੀਨ, ਰੂਸ ਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਅਗਲੇ ਸੋਮਵਾਰ ਹੋਣ ਵਾਲੀ ਤਿਕੋਣੀ ਬੈਠਕ ‘ਤੇ ਵੀ ਇਸ ਦਾ ਅਸਰ ਪਵੇਗਾ। ਪੂਰਬੀ ਲੱਦਾਖ ਦੇ ਗਲਵਾਨ ‘ਚ ਖੂਨੀ ਫੌਜੀ ਝੜਪਾਂ ਦੀ ਉਮੀਦ ਕਦੀ ਵੀ ਭਾਰਤੀ ਡਿਪਲੋਮੈਟਾਂ ਨੂੰ ਨਹੀਂ ਸੀ।

ਸੂਤਰ ਦੱਸਦੇ ਹਨ ਕਿ ਮਈ 2020 ਦੇ ਪਹਿਲੇ ਹਫਤੇ ਤੋਂ ਚੀਨੀ ਸੈਨਾ ਦੀ ਲਾਮਬੰਦੀ ਉਮੀਦ ਤੋਂ ਕਿਤੇ ਵੱਧ ਸੀ, ਪਰ ਇਸ ਗੱਲ ਦੀ ਪੂਰੀ ਉਮੀਦ ਨਹੀਂ ਸੀ ਕਿ ਦੋਵਾਂ ਤਾਕਤਾਂ ਵਿਚਕਾਰ ਲੜਾਈ ਹੋ ਸਕਦੀ ਹੈ। ਹਾਲਾਂਕਿ, ਹੁਣ ਸਥਿਤੀ ਉਵੇਂ ਹੀ ਬਣ ਗਈ ਹੈ ਜਿਵੇਂ ਕਾਰਗਿਲ ਯੁੱਧ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਸੀ। ਕਾਰਗਿਲ ਯੁੱਧ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ, ਪਰ ਇਹ ਰਿਸ਼ਤੇ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਭਾਰਤ ਤੇ ਚੀਨ ਵਿਚਾਲੇ ਕੁਝ ਅਜਿਹਾ ਵਾਪਰਦਾ ਹੈ।

ਇਹ ਘਟਨਾਕ੍ਰਮ ਭਾਰਤ ‘ਚ ਚੀਨੀ ਕੰਪਨੀਆਂ ਤੇ ਚੀਨੀ ਉਤਪਾਦਾਂ ਲਈ ਵੀ ਨਵੀਂ ਮੁਸੀਬਤ ਸਾਬਤ ਹੋ ਸਕਦਾ ਹੈ। ਪਹਿਲਾਂ ਹੀ ਦੇਸ਼ ‘ਚ ਚੀਨ ਦੇ ਉਤਪਾਦਾਂ ਦੇ ਵਿਰੁੱਧ ਮਾਹੌਲ ਬਣਿਆ ਹੋਇਆ ਹੈ, ਹੁਣ ਸੈਨਿਕਾਂ ਦੀ ਮੌਤ ਤੋਂ ਬਾਅਦ ਇਹ ਤੇਜ਼ ਹੋ ਸਕਦਾ ਹੈ। ਭਾਰਤ ਨੇ ਚੀਨੀ ਕੰਪਨੀਆਂ ਦੇ ਨਿਵੇਸ਼ ਸਬੰਧੀ ਨਿਯਮਾਂ ਨੂੰ ਪਹਿਲਾਂ ਹੀ ਸਖਤ ਕਰ ਦਿੱਤਾ ਹੈ, ਹੁਣ ਇਸ ਦੇ ਹੋਰ ਸਖਤ ਹੋਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ ਹਰ ਕੋਈ ਅਗਲੇ ਸੋਮਵਾਰ ਨੂੰ ਰੂਸ, ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਈ ਬੈਠਕ ‘ਤੇ ਨਜ਼ਰ ਰੱਖੇਗਾ।