ਕੋਰੋਨਾ ਦੇ ਸੰਕਟ ਕਾਰਨ ਯੂ.ਪੀ. ਤੋਂ ਬਾਅਦ ਹੁਣ ਹਰਿਆਣਾ ਬਾਰਡਰ ਵੀ ਸੀਲ

ਚੰਡੀਗੜ੍ਹ-ਖਤਰਨਾਕ ਕੋਰੋਨਾਵਾਇਰਸ ਦੇ ਸੰਕਟ ਨੂੰ ਦੇਖ ਕੇ ਜਿੱਥੇ ਇਕ ਪਾਸੇ ਲੋਕ ਸ਼ੋਸਲ ਡਿਸਟੈਂਸਿੰਗ ਬਣਾ ਰਹੇ ਹਨ, ਉੱਥੇ ਦੂਜੇ ਪਾਸੇ ਐੱਨ.ਸੀ.ਆਰ. ਤਹਿਤ ਆਉਣ ਵਾਲੇ ਸ਼ਹਿਰ ਵੀ ਦਿੱਲੀ ਤੋਂ ਦੂਰੀ ਬਣਾ ਰਹੇ ਹਨ। ਸਾਵਧਾਨੀ ਵਜੋਂ ਪਹਿਲਾ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਅਤੇ ਨੋਇਡਾ ਪ੍ਰਸ਼ਾਸਨ ਨੇ ਦਿੱਲੀ ਦੀ ਸੀਮਾ ਨੂੰ ਬੰਦ ਕੀਤਾ ਅਤੇ ਹੁਣ ਹਰਿਆਣਾ ਨੇ ਵੀ ਆਪਣਾ ਬਾਰਡਰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ ਕੋਰੋਨਾ ਦੇ ਫੈਲਾਅ ਨੂੰ ਦੇਖਦੇ ਹੋਏ ਦਿੱਲੀ ਦੇ ਨਾਲ ਲੱਗਣ ਵਾਲੇ ਸਾਰੇ ਬਾਰਡਰਾਂ ਨੂੰ ਹਰਿਆਣਾ ਨੇ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ ਸਿਰਫ ਜਿਨ੍ਹਾਂ ਕੋਲ ਪਾਸ ਹਨ ਉਨ੍ਹਾਂ ਨੂੰ ਹੀ ਆਉਣ-ਜਾਣ ਦੀ ਇਜ਼ਾਜਤ ਦਿੱਤੀ ਗਈ ਹੈ। ਹਰਿਆਣਾ ਨੇ ਪਹਿਲਾ ਦਿੱਲੀ ਦੇ ਨਾਲ ਲੱਗਦੇ ਸੋਨੀਪਤ ਅਤੇ ਝੱਜਰ ਦੇ ਬਾਰਡਰ ਸੀਲ ਕਰ ਰੱਖੇ ਸੀ ਪਰ ਗੁਰੂਗ੍ਰਾਮ ਅਤੇ ਫਰੀਦਾਬਾਦ ਬਾਰਡਰਾਂ ਨੂੰ ਵੀ ਸੀਲ ਕਰ ਦਿੱਤਾ ਹੈ। ਇਸ ਤਰ੍ਹਾਂ ਨਾਲ ਹਰਿਆਣਾ ਨੇ ਦਿੱਲੀ ਤੋਂ ਪੂਰੀ ਤਰ੍ਹਾਂ ਨਾਲ ਦੂਰੀ ਬਣਾ ਲਈ ਹੈ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਦੋਸ਼ ਹੈ ਕਿ ਹਰਿਆਣਾ ‘ਚ ਰਹਿ ਕੇ ਦਿੱਲੀ ‘ਚ ਨੌਕਰੀ ਕਰਨ ਵਾਲਿਆਂ ਕਾਰਨ ਹਰਿਆਣਾ ‘ਚ ਕੋਰੋਨਾ ਫੈਲਿਆ ਹੈ। ਅਜਿਹੇ ‘ਚ ਦਿੱਲੀ ਸਰਕਾਰ ਨੂੰ ਹਰਿਆਣਾ ਦੇ ਉਨ੍ਹਾਂ ਲੋਕਾਂ ਦੇ ਲਈ ਪ੍ਰਬੰਧ ਕਰਨਾ ਚਾਹੀਦਾ ਹੈ ਜੋ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੰਮ ਕਰ ਰਹੇ ਹਨ ਅਤੇ ਹਰ ਰੋਜ਼ ਆਵਾਜਾਈ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਤਬਲੀਗੀ ਜਮਾਤ ਦੇ ਕਈ ਮੈਂਬਰ ਦਿੱਲੀ ਤੋਂ ਆਏ ਅਤੇ ਉਨ੍ਹਾਂ ਤੋਂ 120 ਕੋਰੋਨਾ ਪਾਜ਼ੀਟਿਵ ਪਾਏ ਗਏ ਸੀ। ਹਰਿਆਣਾ ਨੇ ਉਨ੍ਹਾਂ ਦਾ ਇਲਾਜ ਕਰਵਾਇਆ। ਹੁਣ ਦਿੱਲੀ ‘ਚ ਕੰਮ ਕਰਨ ਵਾਲੇ ਪਰ ਹਰਿਆਣਾ ‘ਚ ਰਹਿਣ ਵਾਲੇ ਜ਼ਿਆਦਾ ਲੋਕ ਪਾਸ ਦੀ ਵਰਤੋਂ ਕਰ ਰਹੇ ਹਨ, ਜੋ ਕੋਰੋਨਾਵਾਹਕ ਬਣ ਗਏ ਹਨ।

ਦੱਸਣਯੋਗ ਹੈ ਕਿ ਹਰਿਆਣਾ ‘ਚ ਅੱਜ ਭਾਵ ਮੰਗਲਵਾਰ ਦੁਪਹਿਰ ਤੱਕ 296 ਕੋਰੋਨਾ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ 183 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦਿੱਲੀ ‘ਚ ਕੋਰੋਨਾ ਦੇ 3108 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 54 ਮੌਤਾਂ ਹੋ ਚੁੱਕੀਆਂ ਹਨ। ਦਿੱਲੀ ‘ਚ ਕੋਰੋਨਾ ਦੇ 877 ਮਰੀਜ਼ ਠੀਕ ਵੀ ਹੋ ਚੁੱਕੇ ਹਨ।