ਨੌਸ਼ਹਿਰਾ ਵਿੱਚ ਪਾਕਿ ਵੱਲੋਂ ਗੋਲਾਬਾਰੀ, ਜਵਾਨ ਸ਼ਹੀਦ

ਜੰਮੂ, (ਪੰਜਾਬੀ ਸਪੈਕਟ੍ਰਮ ਸਰਵਿਸ) ਕੰਟਰੋਲ ਰੇਖਾ ਦੇ ਨਾਲ ਲੱਗਦੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ਵਿੱਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ ਇਕ ਜਵਾਨ ਤੇ ਨਾਗਰਿਕ ਜਖਮੀ ਹੋ ਗਏ। ਸ਼ਹੀਦ ਹੋਏ ਜਵਾਨ ਦੀ ਪਛਾਣ ਹਵਾਲਦਾਰ ਦੀਪਕ ਕਾਰਕੀ ਦੱਸੀ ਗਈ ਹੈ। ਭਾਰਤੀ ਫੌਜ ਪਾਕਿਸਤਾਨ ਦੇ ਹਮਲੇ ਦਾ ਮੂੰਹ ਤੋਤਵਾਂ ਜਵਾਬ ਦੇ ਰਹੀ ਹੈ। ਦਹਿਸ਼ਤਗਰਦਾਂ ਦੀ ਘੁਸਪੈਠ ਕਰਾਉਣ ਲਈ ਪਾਕਿਸਤਾਨ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨੀ ਫੌਜ ਨੇ ਕਿ੍ਸ਼ਣਾਘਾਟੀ ਅਤੇ ਨੌਸ਼ਹਿਰਾ ਸੈਕਟਰ ਵਿੱਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਫੌਜੀ ਚੌਕੀਆਂ ’ਤੇ ਮੋਰਟਾਰ ਦਾਗੇ। ਪਾਕਿਸਤਾਨੀ ਫੌਜ ਨੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ। ਗੋਲਾਬਾਰੀ ਵਿੱਚ ਇਕ ਨਾਗਰਿਕ ਦੇ ਵੀ ਜਖਮੀ ਹੋਣ ਦੀ ਸੂਚਨਾ ਹੈ। ਫੌਜ ਦੇ ਤਰਜਮਾਨ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਪਾਕਿਸਤਾਨੀ ਫੌਜੀ ਨੇ ਸਵੇਰੇ ਸਾਢੇ 5 ਵਜੇ ਗੋਲੀਬੰਦੀ ਦੀ ਉਲੰਘਣਾ ਕੀਤੀ।