ਪਾਕਿਸਤਾਨ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, LOC ਨੇੜੇ ਤਿੰਨ ਸੈਕਟਰਾਂ ‘ਚ ਕੀਤੀ ਗੋਲੀਬਾਰੀ

ਜੰਮੂ- ਇਕ ਪਾਸੇ ਜਿੱਥੇ ਪੂਰੀ ਦੁਨੀਆ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਦੂਜੀ ਪਾਸੇ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ (LOC) ਨੇੜੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਪੁੰਛ ਜ਼ਿਲੇ ਦੇ ਸ਼ਾਹਪੁਰ, ਕਿਰਨੀ ਅਤੇ ਕਸਬਾ ਸੈਕਟਰ ‘ਚ ਗੋਲੀਬਾਰੀ ਕੀਤੀ। ਉਨਾਂ ਨੇ ਕਿਹਾ,”ਪਾਕਿਸਤਾਨੀ ਫੌਜ ਨੇ 11 ਵਜੇ ਕੰਟਰੋਲ ਰੇਖਾ ਨੇੜੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗ਼ ਕੇ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜ ਵੀ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ।”

ਪਾਕਿਸਤਾਨ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ ਨੇੜੇ ਪੈਣ ਵਾਲੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ ਅਤੇ 24 ਅਪ੍ਰੈਲ ਨੂੰ ਰਾਜੌਰੀ ਜ਼ਿਲੇ ਦੇ ਰਿਹਾਇਸ਼ੀ ਇਲਾਕਿਆਂ ‘ਚ ਗੋਲੀਬਾਰੀ ਕਰ ਕੇ ਨੁਕਸਾਨ ਪਹੁੰਚਾਇਆ ਸੀ। ਪਾਕਿਸਤਾਨ ਨੇ 21 ਅਪ੍ਰੈਲ ਨੂੰ ਪੁੰਛ ਜ਼ਿਲੇ ਦੇ ਕਿਰਨੀ ਸੈਕਟਰ ‘ਚ, 17 ਅਪ੍ਰੈਲ ਨੂੰ ਕਿਰਨੀ ਅਤੇ ਕਸਬਾ ਸੈਕਟਰ ਦੇ ਰਿਹਾਇਸ਼ੀ ਇਲਾਕਿਆਂ ‘ਚ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ ਅਤੇ 12 ਅਪ੍ਰੈਲ ਨੂੰ ਪਾਕਿਸਤਾਨੀ ਫੌਜ ਅਤੇ ਉਸ ਦੇ ਰੇਂਜਰਜ਼ ਨੇ ਪੁੰਛ ‘ਚ ਕੰਟਰੋਲ ਰੇਖਾ ਕੋਲ ਤਿੰਨ ਵਾਰ ਅਤੇ ਕਠੁਆ ‘ਚ ਕੌਮਾਂਤਰੀ ਬਾਰਡਰ ‘ਤੇ ਇਕ ਵਾਰ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।