ਤਾਮਿਲਨਾਡੂ ‘ਚ ਗਿੱਦੜ ਨੂੰ ਬਾਰੂਦ ਖੁਆ ਕੇ ਮਾਰਨ ਦੇ ਦੋਸ਼ ‘ਚ 12 ਗਿ੍ਰਫ਼ਤਾਰ

ਚੇਨਈ , (ਪੰਜਾਬੀ ਸਪੈਕਟ੍ਰਮ ਸਰਵਿਸ): ਤਾਮਿਲਨਾਡੂ ਦੇ ਤਿਰੁਚਿਰਾਪੱਲੀ ਦੇ ਇਕ ਪਿੰਡ ‘ਚ ਗਿੱਦੜ ਨੂੰ ਮਾਰਨ ਦੇ ਮਾਮਲੇ ‘ਚ ਜੰਗਲਾਤ ਵਿਭਾਗ ਨੇ 12 ਵਣਜਾਰਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ ਗਿੱਦੜ ਨੂੰ ਮਾਸ ਲਈ ਬਾਰੂਦ ਖੁਆ ਦਿੱਤਾ, ਜਿਸ ਨੂੰ ਖਾਣ ਤੋਂ ਬਾਅਦ ਉਸਦਾ ਮੂੰਹ ਫਟ ਗਿਆ ਤੇ ਉਸ ਦੀ ਮੌਤ ਹੋ ਗਈ। ਤਿਰੁਚਿਰਾਪੱਲੀ ਤੋਂ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਫੋਨ ‘ਤੇ ਦੱਸਿਆ, ਇਹ ਲੋਕ ਇਕ ਪਿੰਡ ‘ਚ ਸ਼ਹਿਦ ਇਕੱਠਾ ਕਰਨ ਗਏ ਸਨ। ਉਨ੍ਹਾਂ ਨੂੰ ਇਕ ਗਿੱਦੜ ਘੁੰਮਦਾ ਮਿਲਿਆ। ਉਸ ਦਾ ਮਾਸ ਤੇ ਦੰਦਾਂ ਲਈ ਇਨ੍ਹਾਂ ਲੋਕਾਂ ਨੇ ਉਸ ਦਾ ਸ਼ਿਕਾਰ ਕਰਨ ਲਈ ਮਾਸ ਦੇ ਟੁਕੜਿਆਂ ‘ਚ ਬਾਰੂਦ ਭਰ ਕੇ ਕਈ ਥਾਵਾਂ ‘ਤੇ ਰੱਖ ਦਿੱਤਾ। ਜੰਗਲਾਤ ਅਧਿਕਾਰੀਆਂ ਮੁਤਾਬਕ, ਇਨ੍ਹਾਂ ਲੋਕਾਂ ਨੇ ਗਿੱਦੜ ਨੂੰ ਰਾਤ ਨੂੰ ਮਾਰਿਆ। ਉਹ ਸਵੇਰੇ ਇਕ ਚਾਹ ਦੀ ਦੁਕਾਨ ‘ਤੇ ਚਾਹ ਪੀ ਰਹੇ ਸਨ। ਗਿੱਦੜ ਉਨ੍ਹਾਂ ਦੇ ਬੈਗ ‘ਚ ਸੀ। ਜਿਆਪੁਰਮ ਪੁਲਿਸ ਸਟੇਸ਼ਨ ਦੇ ਇਕ ਕਾਂਸਟੇਬਲ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤੇ ਉਨ੍ਹਾਂ ਦੇ ਬੈਗ ਦੀ ਜਾਂਚ ਕੀਤੀ, ਤਾਂ ਉਸ ਵਿਚ ਮਰਿਆ ਹੋਇਆ ਗਿੱਦੜ ਨਿਕਲਿਆ।ਅਧਿਕਾਰੀ ਨੇ ਦੱਸਿਆ ਕਿ ਜਿਸ ਧਮਾਕਾਖੇਜ਼ ਸਮੱਗਰੀ ਦਾ ਉਨ੍ਹਾਂ ਨੇ ਇਸਤੇਮਾਲ ਕੀਤਾ, ਉਹ ਬੰਬ ਪਿਆਜ਼ ਬੰਬ ਹੁੰਦੇ ਹਨ, ਜਿਨ੍ਹਾਂ ਨੂੰ ਦੀਵਾਲੀ ‘ਤੇ ਚਲਾਇਆ ਜਾਂਦਾ ਹੈ। ਇਨ੍ਹਾਂ ‘ਚ ਬਾਰੂਦ ਭਰਿਆ ਹੁੰਦਾ ਹੈ ਤੇ ਜਦੋ ਇਨ੍ਹਾਂ ‘ਤੇ ਦਬਾਅ ਪੈਂਦਾ ਹੈ ਤਾਂ ਇਹ ਫਟ ਜਾਂਦੇ ਹਨ। ਜਦੋਂ ਜਾਨਵਰ ਨੇ ਮਾਸ ਨੂੰ ਕੱਟਿਆ ਤਾਂ ਧਮਾਕਾ ਹੋਣ ਨਾਲ ਉਸ ਦਾ ਜਬੜਾ ਫਟ ਗਿਆ।