ਅੰਮ੍ਰਿਤਸਰ ‘ਚ ਪਟਾਕਾ ਫੈਕਟਰੀ ‘ਚ ਜ਼ਬਰਦਸਤ ਧਮਾਕਾ – ਸਹਿਮੇ ਲੋਕ

ਅੰਮ੍ਰਿਤਸਰ, – ਇੱਥੋਂ ਦੇ ਪਿੰਡ ਇੱਬਨ ਕਲਾਂ 2 ਕਨਾਲਾਂ ‘ਚ ਬਣੀ ਫੈਕਟਰੀ ‘ਚ ਅੱਜ ਵੱਡਾ ਧਮਾਕਾ ਹੋਇਆ, ਜਿਸ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਬਣ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦਾ ਮਲਬਾ ਦੂਰ ਦੂਰ ਤੱਕ ਫੈਲ ਗਿਆ। ਜਿਸਦਾ ਪਤਾ ਲੱਗਦਿਆਂ ਹੀ ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਨਾਇਬ ਤਹਿਸੀਲਦਾਰ ਰਤਨਜੀਤ ਸਿੰਘ ਨੇ ਘਟਨਾ ਸਥਾਨ ‘ਤੇ ਪੁੱਜ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ।

ਇਸ ਸਬੰਧੀ ਗੱਲ ਕਰਦਿਆਂ ਇੰਸਪੈਕਟਰ ਕਸ਼ਮੀਰ ਸਿੰਘ ਮੁਖੀ ਥਾਣਾ ਚਾਟੀਵਿੰਡ ਨੇ ਦੱਸਿਆ ਕਿ ਇਹ ਫੈਕਟਰੀ ਦਾ ਮਾਲਕ ਕੁਲਵਿੰਦਰ ਸਿੰਘ ਜੌਲੀ ਨਾਂਅ ਦਾ ਸ਼ਖਸ ਹੈ, ਜਿਸਨੂੰ ਬੁਲਾ ਕੇ ਇਸ ਸਬੰਧੀ ਪੁੱਛਗਿੱਛ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੈਕਟਰੀ ‘ਚ ਪੁੱਜੇ ਇੱਕ ਮਜਦੂਰ ਵੱਲੋਂ ਸਬਮਰਸੀਬਲ ਮੋਟਰ ਚਲਾਉਣ ਲਈ ਜਦੋਂ ਸਵਿੱਚ ਆਨ ਕੀਤਾ ਤਾਂ ਬਿਜਲੀ ਦੇ ਸ਼ਾਟ ਸਰਕਟ ਨਾਲ ਇਹ ਧਮਾਕਾ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਇਸ ਫੈਕਟਰੀ ‘ਚ ਧਮਾਕਾ ਹੋਇਆ ਸੀ ਤੇ ਜਿਸ ਨਾਲ ਕਈ ਮਜਦੂਰਾਂ ਦੀ ਮੌਤ ਵੀ ਹੋ ਗਈ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹੋ ਜਿਹੀਆਂ ਫੈਕਟਰੀਆਂ ਵਸੋਂ ਵਾਲੀ ਜਗ੍ਹਾ ‘ਤੇ ਨਹੀਂ ਹੋਣੀਆਂ ਚਾਹੀਦੀਆਂ।