ਕਾਂਗਰਸੀ ਆਗੂ ਦੇ ਪੁੱਤ ਨੇ ਦੋਸਤ ਦੀ ਪਿੱਠ ਤੇ ਛਾਤੀ ’ਚ ਮਾਰੀਆਂ ਗੋਲੀਆਂ, ਕੇਸ ਦਰਜ

ਕੈਪਸ਼ਨ-ਜਖ਼ਮੀ ਹੋਇਆ ਨੌਜਵਾਨ।
ਐੱਸਏਐੱਸ ਨਗਰ (ਮੁਹਾਲੀ), (ਪੰਜਾਬੀ ਸਪੈਕਟ੍ਰਮ ਸਰਵਿਸ) ਨਜ਼ਦੀਕੀ ਪਿੰਡ ਸਿਆਊ ਦੇ ਨੌਜਵਾਨ ਜਗਦੀਪ ਸਿੰਘ (22) ਨੂੰ ਕਥਿਤ ਤੌਰ ’ਤੇ ਨਸ਼ੇ ਵਿੱਚ ਟੱਲੀ ਉਸ ਦੇ ਦੋਸਤ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਖਮੀ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੋਹਾਣਾ ਪੁਲੀਸ ਨੇ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਗੁਰਦੀਪ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਉਰਫ਼ ਦਮਨੀ ਵਾਸੀ ਪਿੰਡ ਮਨੌਲੀ ਖ਼ਿਲਾਫ਼ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤ ਨੌਜਵਾਨ ਦੇ ਪਿਤਾ ਮੋਹਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਪੁਲੀਸ ਉਨ੍ਹਾਂ ਨੂੰ ਕੋਈ ਆਈ-ਗਈ ਨਹੀਂ ਦੇ ਰਹੀ ਸੀ। ਮੰਗਲਵਾਰ ਰਾਤ ਨੂੰ ਜਗਦੀਪ ਆਪਣੇ ਘਰ ਸੀ ਤਾਂ ਕਰੀਬ 10 ਵਜੇ ਦਮਨੀ ਉਨ੍ਹਾਂ ਦੇ ਘਰ ਆਇਆ ਅਤੇ ਜਗਦੀਪ ਨੂੰ ਬਾਹਰ ਆਉਣ ਲਈ ਕਿਹਾ ਪਰ ਦਮਨੀ ਕਥਿਤ ਨਸ਼ੇ ਵਿੱਚ ਸੀ ਅਤੇ ਉਹ ਕਹਿ ਰਿਹਾ ਸੀ ਕਿ ਉਹ ਉਸ ਨੂੰ ਗੋਲੀ ਮਾਰ ਦੇਵੇਗਾ, ਜਦੋਂ ਪੀੜਤ ਨੌਜਵਾਨ ਨੇ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਮਨੀ ਨੇ ਕਿਹਾ ਕਿ ਉਹ ਮਜ਼ਾਕ ਕਰ ਰਿਹਾ ਹੈ। ਇਸ ਤੋਂ ਬਾਅਦ ਜਗਦੀਪ ਅਤੇ ਦਮਨੀ ਗੱਡੀ ਵਿੱਚ ਬੈਠ ਕੇ ਘਰ ਤੋਂ ਬਾਹਰ ਗਏ ਅਤੇ ਰਸਤੇ ਵਿੱਚ ਪੈਟਰੋਲ ਪੰਪ ਦੇ ਨੇੜੇ ਦਮਨੀ ਨੇ ਗੱਡੀ ਰੋਕੀ ਅਤੇ ਜਗਦੀਪ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦਮਨੀ ਨੇ ਆਪਣੇ ਪਿਤਾ ਦੀ ਲਾਇਸੈਂਸੀ 12 ਬੋਰ ਦੀ ਦੋਲਾਨੀ ਨਾਲ ਪਹਿਲੀ ਗੋਲੀ ਜਗਦੀਪ ਦੀ ਪਿੱਠ ਵਿੱਚ ਮਾਰੀ ਅਤੇ ਦੂਜੀ ਗੋਲੀ ਜਗਦੀਪ ਦੀ ਛਾਤੀ ਵਿੱਚ। ਹਿੰਮਤ ਕਰਕੇ ਜਗਦੀਪ ਨੇ ਆਪਣੇ ਭਰਾ ਗੁਰਵਿੰਦਰ ਸਿੰਘ ਨੂੰ ਫੋਨ ’ਤੇ ਸਮੁੱਚੇ ਘਟਨਾਕ੍ਰਮ ਬਾਰੇ ਦੱਸਿਆ ਅਤੇ ਪਰਿਵਾਰ ਦੇ ਮੈਂਬਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਜਗਦੀਪ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।