ਕੈਨੇਡਾ: ਸਿੱਖ ਨੇਤਾ ਜਗਮੀਤ ਸਿੰਘ ਨੂੰ ਹਾਊਸ ਆਫ ਕਾਮਨਜ਼ ਤੋਂ ਕੀਤਾ ਬਾਹਰ, ਕਿਊਬਿਕ ਐਮਪੀ ਨੂੰ ਨਸਲਵਾਦੀ ਸੀ ਕਿਹਾ

ਕੈਪਸ਼ਨ-ਸਿੱਖ ਨੇਤਾ ਜਗਮੀਤ ਸਿੰਘ।
ਸਰੀ, (ਪੰਜਾਬੀ ਸਪੈਕਟ੍ਰਮ ਸਰਵਿਸ)- ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਬਲਾਕ ਕਿਊਬਿਕੁਆ ਦੇ ਐਮਪੀ ਨੂੰ ਨਸਲਵਾਦੀ ਕਹਿਣ, ਬਾਅਦ ਵਿਚ ਮੁਆਫੀ ਨਾ ਮੰਗਣ ਅਤੇ ਆਪਣੀ ਟਿੱਪਣੀ ਵਾਪਸ ਨਾ ਲੈਣ ਕਰ ਕੇ ਉਨ੍ਹਾਂ ਨੂੰ ਹਾਊਸ ਆਫ ਕਾਮਨਜ ਤੋਂ ਬਾਹਰ ਕਰ ਦਿੱਤਾ ਗਿਆ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਕਿ ਜਗਮੀਤ ਸਿੰਘ ਹਾਊਸ ਆਫ ਕਾਮਨਜ ਵਿੱਚ ਇਹ ਮਤਾ ਲਿਆਉਣ ਲਈ ਸਰਬਸੰਮਤੀ ਚਾਹੁੰਦੇ ਸਨ ਕਿ ਆਰਸੀਐਮਪੀ ਵਿੱਚ ਨਸਲਵਾਦ ਦੇ ਮੁੱਦੇ ਨੂੰ ਹਾਊਸ ਮਾਨਤਾ ਦੇਵੇ। ਇਸ ਮਤੇ ਨੂੰ ਸਹਿਮਤੀ ਦੇਣ ਤੋਂ ਇਨਕਾਰ ਕਰਨ ਤੇ ਜਗਮੀਤ ਸਿੰਘ ਨੇ ਬਲਾਕ ਕਿਊਬਿਕੁਆ ਐਮਪੀ ਥੈਰੇਨ ਨੂੰ ਨਸਲਵਾਦੀ ਕਿਹਾ। ਬਾਅਦ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਨਸਲਵਾਦ ਖਿਲਾਫ ਆਵਾਜ ਬੁਲੰਦ ਕਰਨ ਤੋਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਉਸ ਸਮੇਂ ਗੁੱਸੇ ਵਿੱਚ ਸਨ ਪਰ ਆਪਣੇ ਸਟੈਂਡ ਤੇ ਉਹ ਅਜੇ ਵੀ ਕਾਇਮ ਹਨ। ਬਹੁਤ ਹੀ ਭਾਵੁਕ ਨਜਰ ਆ ਰਹੇ ਜਗਮੀਤ ਸਿੰਘ ਇਸ ਗੱਲੋਂ ਉਦਾਸ ਸਨ ਕਿ ਅਸੀਂ ਨਸਲਵਾਦ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਸਕਦੇ? ਅਸੀਂ ਲੋਕਾਂ ਨੂੰ ਬਚਾਉਣ ਲਈ ਕੁਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨ੍ਹਾਂ ਕਿਵੇਂ ਕਰ ਸਕਦਾ ਹੈ?