ਜੇਲ ਤੇ ਕਚਿਹਰੀਆਂ ਵਾਲੀ ਥਾਂ ਜਨਤਕ ਪਾਰਕ ਬਣਾਉਣ ਦੀ ਮੰਗ  ਸ਼ਹਿਰੀਆਂ ਵੱਲੋਂ ਸਦੀਆਂ ਪੁਰਾਣੇ ਸੈਂਕੜੇ ਰੁੱਖਾਂ ਦੀ ਹੋਂਦ ਬਚਾਉਣ ਦੀ ਅਪੀਲ

ਮੁਕਤਸਰ ਦੀ ਜੇਲ ਵਾਲੀ ਖਾਲੀ ਥਾਂ ਵਿੱਚ ਖੜੇ ਸਦੀਆਂ ਪੁਰਾਣੇ ਰੁੱਖ।
ਸ਼੍ਰੀ ਮੁਕਤਸਰ ਸਾਹਿਬ, 20 ਜੂਨ (ਤੇਜਿੰਦਰ ਧੂੜੀਆ) ਸ੍ਰੀ ਮੁਕਤਸਰ ਸਾਹਿਬ ਇਕ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲਾ ਸ਼ਹਿਰ ਹੈ ਪਰ ਇਸ ਵਿੱਚ ਜਨਤਕ ਪਾਰਕਾਂ ਦੀ ਭਾਰੀ ਘਾਟ ਹੈ ਜਿਸ ਕਰਕੇ ਸ਼ਹਿਰ ਵਿੱਚ ਹਰਿਆਲੀ ਤੇ ਸਵੱਛ ਹਵਾ ਦਾ ਸੰਕਟ ਬਣਿਆ ਹੋਇਆ ਹੈ। ਇਸ ਵੇਲੇ ਸਿਰਫ ਗੁਰੂ ਗੋਬਿੰਦ ਸਿੰਘ ਪਾਰਕ ਹੀ ਹੈ ਜੋ ਅਬਾਦੀ ਦੇ ਲਿਹਾਜ ਨਾਲ ਬਹੁਤ ਛੋਟਾ ਹੈ। ਭਾਵੇਂ ਹਾਲ ਦੀ ਘੜੀ ਕਰੋਨਾ ਕਰਕੇ ਪਾਰਕਾਂ ‘ਚ ਲੋਕਾਂ ਦੀ ਆਮਦ ਬੰਦ ਹੈ ਪਰ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਪਾਰਕਾਂ ਨੂੰ ਬਣਾਉਣਾ ਤੇ ਰੁੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਸਤਪਾਲ ਸਿੰਘ ਕੋਮਲ, ਸੁਰਿੰਦਰ ਸਿੰਘ, ਬਲਦੇਵ ਸਿੰਘ ਭੰਮ, ਕਾਮਰੇਡ ਖਰੈਤੀ ਲਾਲ, ਗੁਰਜੀਤ ਸਿੰਘ ਪੱਪੂ, ਡਾ. ਪਰਮਜੀਤ ਸਿੰਘ ਢੀਂਗਰਾ, ਦਰਸ਼ਨ ਸਿੰਘ ਮੈਨੇਜਰ ਹੋਰਾਂ ਨੇ ਦੱਸਿਆ ਕਿ ਮੁਕਤਸਰ ਦੀ ਕੋਟਕਪੂਰਾ ਰੋਡ ਸਥਿਤ ਜੇਲ ਅਤੇ ਕਚਿਹਰੀ ਤਬਦੀਲ ਹੋਣ ਕਰਕੇ ਖਾਲੀ ਹੋਈ ਕਰੀਬ 13 ਕਿਲੇ ਜ਼ਮੀਨ ਵਿੱਚ ਬੋਹੜ, ਪਿੱਪਲ, ਨਿੰਮ, ਟਾਹਲੀ, ਕਿੱਕਰ, ਸ਼ਹਿਤੂਤ, ਸਫੈਦੇ ਆਦਿ ਸੈਂਕੜੇ ਦਰਖਤ ਲੱਗੇ ਹਨ। ਇਨਾਂ ਰੁੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਹ ਰੁੱਖ ਤਾਂ ਹੀ ਬਚ ਸਕਦੇ ਹਨ ਜੇਕਰ ਇਥੇ ਪਾਰਕ ਬਣ ਸਕੇ। ਉਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਚਾਲੀ ਮੁਕਤਿਆਂ ਨਾਲ ਸਬੰਧਿਤ ਇਸ ਪਵਿੱਤਰ ਧਰਤੀ ਉਪਰ ਆਉਣ ਵਾਲੇ ਯਾਤਰੂਆਂ ਲਈ ਵੀ ਇਸ ਤਰਾਂ ਦੇ ਪਾਰਕ ਵੀ ਬਹੁਤ ਲੋੜ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਇਹ ਜ਼ਮੀਨ ਪੁੱਡਾ ਨੂੰ ਟਰਾਂਸਫਰ ਕੀਤੀ ਹੋਈ ਹੈ ਪਰ ਪੁੱਡਾ ਨੇ ਇਸ ਜ਼ਮੀਨ ‘ਤੇ ਹਾਲ ਦੀ ਘੜੀ ਕੋਈ ਉਸਾਰੀ ਨਹੀਂ ਕੀਤੀ। ਸਰਕਾਰ ਨੂੰ ਜ਼ਮੀਨ ਦੇਣ ਵਾਲੇ ਮਾਲਕਾਂ ਵਿੱਚੋਂ ਗੁਰਦਿਆਲ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਉਨਾਂ ਦੇ ਪਰਿਵਾਰ ਵੱਲੋਂ ਕਚਿਹਰੀਆਂ ਤੇ ਜੇਲ ਵਾਸਤੇ ਸਰਕਾਰ ਨੂੰ ਦਿੱਤੀ ਸੀ ਪਰ ਜੇਕਰ ਹੁਣ ਸਰਕਾਰ ਇਸ ਜ਼ਮੀਨ ਨੂੰ ਕਮਰਸ਼ੀਅਲ ਮਕਸਦ ਵਾਸਤੇ ਵਰਤੇ ਤਾਂ ਉਹ ਅਦਾਲਤ ਰਾਹੀਂ ਇਹ ਜ਼ਮੀਨ ਵਾਪਸ ਲੈਣ ਲਈ ਚਾਰਾਜੋਈ ਕਰਨਗੇ। ਪਰ ਇਸਦੇ ਨਾਲ ਹੀ ਉਨਾਂ ਕਿਹਾ ਕਿ ਜੇਕਰ ਇਹ ਜ਼ਮੀਨ ਲੋਕ ਹਿੱਤ ਦੇ ਕਿਸੇ ਕੰਮ ਪਾਰਕ ਵਗੈਰਾ ਵਾਸਤੇ ਵਰਤੀ ਜਾਵੇ ਤਾਂ ਉਨਾਂ ਨੂੰ ਕੋਈ ਇਤਰਾਜ਼ ਨਹੀਂ ਉਹ ਬਕਾਇਦਾ ਇਸ ਵਾਸਤੇ ਸਹਿਮਤੀ ਦੇ ਦੇਣਗੇ। ਇਸ ਦੌਰਾਨ ਬਠਿੰਡਾ ਸਥਿਤ ਇਕ ਪੁੱਡਾ ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਪੁੱਡਾ ਨੇ ਅਜੇ ਕੋਈ ਯੋਜਨਾ ਨਹੀਂ ਉਲੀਕੀ।