ਦੇਸ਼ ‘ਚ ਮਹਿੰਗਾਈ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜੇ : ਵਿਧਾਇਕਾ ਰੂਬੀ

ਦੋਦਾ : ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਰੁਪਿੰਦਰ ਕੌਰ ਰੂਬੀ ਇੰਚਾਰਜ਼ ਲੋਕ ਸਭਾ ਹਲਕਾ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਹਲਕਾ ਗਿੱਦੜਬਾਹਾ ਦੇ ਸਮੂਹ ਵਰਕਰਾਂ ਦੀ ਮੀਟਿੰਗ ਇੰਚਾਰਜ ਇਕਬਾਲ ਸਿੰਘ ਬਰਾੜ ਦੇ ਗ੍ਹਿ ਪਿੰਡ ਖਿੜਕੀਆਂ ਵਾਲਾ ਵਿਖੇ ਹੋਈ। ਇਸ ਮੀਟਿੰਗ ਵਿਚ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਤੇ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਲਈ ਵਿਚਾਰ ਕੀਤੀ ਗਈ। ਮੀਟਿੰਗ ਦੌਰਾਨ ਬੀਬੀ ਵਿਧਾਇਕਾ ਰੂਬੀ ਨੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਨੋ ਕਾਂਗਰਸ ਤੇ ਅਕਾਲੀ ਦਲ ਆਪਸ ‘ਚ ਰਲੇ ਹੋਏ ਹਨ ਅਤੇ ਲੋਕ ਇਨ੍ਹਾਂ ਦੋਨਾਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਬਦਲ ਚਾਹੁੰਦੇ ਹਨ ਅਤੇ ਇਹ ਬਦਲ ਆਮ ਆਦਮੀ ਪਾਰਟੀ ਦੇ ਸਕਦੀ ਹੈ ਪਰ ਇਸ ਲਈ ਸਾਨੂੰ ਲਾਮਬੰਦ ਹੋਣ ਅਤੇ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਹਿੰਗਾਈ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਮਹਿੰਗਾਈ, ਭਿ੍ਸ਼ਟਾਚਾਰ ਰਹਿਤ ਸਾਫ ਸੁਥਰੇ ਪ੍ਰਸ਼ਾਸ਼ਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰੀ ਹੈ। ਇਸ ਮੌਕੇ ਇਕਬਾਲ ਸਿੰਘ ਬਰਾੜ, ਸੁਖਜਿੰਦਰ ਸਿੰਘ ਕਾਉਣੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਇੰਚਾਰਜ ਤੇ ਵਰਕਰ ਹਾਜ਼ਰ ਸਨ।