ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਲੁਧਿਆਣਾ ਦਾ ਪੇਂਟ ਕਾਰੋਬਾਰੀ ਗਿ੍ਰਫਤਾਰ

ਲੁਧਿਆਣਾ/ਗੁਰਦਾਸਪੁਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਪੰਜਾਬ ‘ਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਪੁਲਿਸ ਨੇ ਲੁਧਿਆਣਾ ਦੇ ਪੇਂਟ ਕਾਰੋਬਾਰੀ ਨੂੰ ਗਿ੍ਰਫਤਾਰ ਕੀਤਾ ਹੈ। ਉਸ ਤੋਂ ਅੰਮਿ੍ਰਤਸਰ ‘ਚ ਪੁੱਛਗਿੱਛ ਹੋ ਰਹੀ ਹੈ। ਪੁਲਿਸ ਦੀ ਟੀਮ ਬੀਤੀ ਦੇਰ ਸ਼ਾਮ ਉਸ ਨੂੰ ਆਪਣੇ ਨਾਲ ਲੈ ਗਈ ਸੀ। ਇਸ ਦੀ ਪੁਸ਼ਟੀ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਅਨੁਸਾਰ ਅੰਮਿ੍ਰਤਸਰ ਰੂਰਲ ਦੀ ਪੁਲਿਸ ਕੱਲ੍ਹ ਬਾਅਦ ਦੁਪਹਿਰ ਲੁਧਿਆਣਾ ਪਹੁੰਚੀ ਸੀ ਤੇ ਇੱਥੋਂ ਦੀ ਪੁਲਿਸ ਦੇ ਨਾਲ ਇਕ ਪੇਂਟ ਕਾਰੋਬਾਰੀ ਦੀ ਦੁਕਾਨ ਤੇ ਘਰਾਂ ‘ਚ ਛਾਪੇਮਾਰੀ ਕੀਤੀ ਸੀ। ਪੁਲਿਸ ਨੇ ਰਾਜੇਸ਼ ਜੋਸ਼ੀ ਨਾਂ ਦੇ ਪੇਂਟ ਕਾਰੋਬਾਰੀ ਨੂੰ ਗਿ੍ਰਫਤਾਰ ਕੀਤਾ ਹੈ ਤੇ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਅਸਲ ਵਿਚ ਅੰਮਿ੍ਰਤਸਰ ਰੂਰਲ ਪੁਲਿਸ ਨੇ ਨਕਲੀ ਸ਼ਰਾਬ ਬਣਾਉਣ ਦੇ ਮਾਮਲੇ ‘ਚ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੋਇਆ ਹੈ ਜਿਨ੍ਹਾਂ ਵੱਲੋਂ ਉਕਤ ਕਾਰੋਬਾਰੀ ਤੋਂ ਸ਼ਰਾਬ ‘ਚ ਇਸਤੇਮਾਲ ਹੋਣ ਵਾਲਾ ਅਲਕੋਹਲ ਖਰੀਦਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ਪਹੁੰਚਾਈ ਗਈ ਜਹਿਰੀਲੀ ਸ਼ਰਾਬ ਦੇ ਤਾਰ ਤਰਨਤਾਰਨ ਨਾਲ ਵੀ ਜੁੜੇ ਮਿਲੇ ਹਨ। ਬਟਾਲਾ ਪੁਲਿਸ ਨੇ ਅੰਮਿ੍ਰਤਸਰ ਜਿਲ੍ਹੇ ਦੇ ਕੱਥੂਨੰਗਲ ਦੇ ਮੁਲਜਮ ਸ਼ਰਾਬ ਤਸਕਰ ਹਰਪ੍ਰੀਤ ਸਿੰਘ ਉਰਫ ਹੈੱਪੀ ਨੂੰ ਗਿ੍ਰਫਤਾਰ ਕੀਤਾ ਹੈ। ਉਹ ਤਰਨਤਾਰਨ ਦੇ ਸ਼ਰਾਬ ਤਸਕਰ ਗੋਬਿੰਦਾ ਲਈ ਕੰਮ ਕਰਦਾ ਸੀ। ਇਨ੍ਹਾਂ ਲੋਕਾਂ ਨੇ ਸ਼ਰਾਬ ਤਸਕਰੀ ਲਈ ਖੇਤਰਾਂ ਨੂੰ ਜੋਨ ‘ਚ ਵੰਡ ਰੱਖਿਆ ਸੀ ਤੇ ਹੈੱਪੀ ਬਟਾਲਾ ਜੋਨ ਦਾ ਕੰਮ ਦੇਖਦਾ ਸੀ। ਗੋਬਿੰਦਾ ਨੁੰ ਪੁਲਿਸ ਪਹਿਲਾਂ ਹੀ ਗਿ੍ਰਫਤਾਰ ਕਰ ਚੁੱਕੀ ਹੈ ਜਦੋਂਕਿ ਹੈੱਪੀ ‘ਤੇ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਇਕ ਦਰਜਨ ਕੇਸ ਦਰਜ ਹਨ। ਜਹਿਰੀਲੀ ਸ਼ਰਾਬ ਦੇ ਮੌਤ ਮਾਮਲੇ ‘ਚ 31 ਜੁਲਾਈ ਨੂੰ ਦਰਜ ਐੱਫਆਈਆਰ ‘ਚ ਹੈੱਪੀ ਤੇ ਉਸ ਦੇ ਸਾਥੀ ਬਾਦਲ ਕੁਮਾਰ ਦਾ ਨਾਂ ਵੀ ਸ਼ਾਮਲ ਕਰ ਲਿਆ ਗਿਆ ਹੈ। ਦੋਵਾਂ ਦਾ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜਮਾਂ ਦਾ ਨੈੱਟਵਰਕ ਫਿਰੋਜਪੁਰ ਤੋਂ ਲੈ ਕੇ ਗੁਰਦਾਸਪੁਰ ਤਕ ਫੈਲਿਆ ਹੈ।