ਨਾਕਾ ਤੋੜ ਭੱਜ ਨਿਕਲੇ ਤਿੰਨ ਕਾਰ ਸਵਾਰ, ਪੁਲਿਸ ਨੇ ਪਿੱਛਾ ਕਰ ਕੀਤੇ ਗਿ੍ਰਫਤਾਰ, ਰਿਵਾਲਵਰ ਬਰਾਮਦ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਸ਼ਹਿਰ ਦੇ ਮਿਲਕਬਾਰ ਚੌਕ ‘ਤੇ ਪੁਲਿਸ ਨੇ ਇਕ ਸੈਂਟਰੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸ ‘ਚ ਸਵਾਰ ਨੌਜਵਾਨ ਰੁਕਣ ਦੀ ਬਜਾਇ ਨਾਕੇ ਦੇ ਬੈਰੀਕੇਡ ਨੂੰ ਟੱਕਰ ਮਾਰ ਕੇ ਭੱਜ ਨਿਕਲੇ। ਇਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰ ਉਨ੍ਹਾਂ ਨੂੰ ਮਕੂਸਦਾਂ ‘ਚ ਫੜ ਲਿਆ। ਪੁਲਿਸ ਨੇ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਤਲਾਸ਼ੀ ਲੈਣ ‘ਤੇ ਉਨ੍ਹਾਂ ਤੋਂ ਗੈਰ-ਕਾਨੂੰਨੀ ਰਿਵਾਲਵਰ ਵੀ ਬਰਾਮਦ ਹੋਈ ਹੈ।
ਥਾਣਾ ਡਵੀਜਨ ਨੰਬਰ 6 ਦੇ ਐੱਸਐੱਚਓ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਏਐੱਸਆਈ ਕਸ਼ਮੀਰ ਸਿੰਘ ਪੁਲਿਸ ਪਾਰਟੀ ਨਾਲ ਮਿਲਕ ਬਾਰ ਚੌਕ ‘ਤੇ ਮੌਜੂਦ ਸਨ। ਇਕ ਸੈਂਟਰੋ ਕਾਰ ਨੰਬਰ ਪੀਬੀ02ਆਰ7909 ਤੇਜ ਰਫਤਾਰ ਤੋਂ ਮਸੰਦ ਚੌਕ ਵੱਲੋਂ ਆਈ। ਉਸ ‘ਚ ਤਿੰਨ ਨੌਜਵਾਨ ਬੈਠੇ ਹੋਏ ਸਨ। ਸਿਪਾਹੀ ਅਮਨਦੀਪ ਨੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਕਾਰ ਸਵਾਰਾਂ ਨੇ ਨਾਅਕੇ ‘ਤੇ ਲੱਗੇ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਸਿਪਾਹੀ ਅਮਨਦੀਪ ਦੇ ਸੱਜੇ ਹੱਥ ‘ਚ ਸੱਟ ਲੱਗ ਗਈ ਤੇ ਉਸ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਇਹ ਮੁਲਜਮ ਪੁਲਿਸ ਨਾਕਾ ਤੋੜ ਕੇ ਕਾਰ ਭਜਾਉਂਦੇ ਹੋਏ ਲੈ ਗਏ। ਉਨ੍ਹਾਂ ਨੇ ਤੁਰੰਤ ਇਸ ਬਾਰੇ ‘ਚ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਮਕਸੂਦਾਂ ਚੌਕ ਨੇੜੇ ਇਕ ਬੰਦ ਗਲੀ ‘ਚ ਉਨ੍ਹਾਂ ਨੇ ਫੜ ਲਿਆ। ਮੁਲਜਮਾਂ ‘ਚ ਸ਼ਾਮਲ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਦੇ ਅਧੀਨ ਆਉਂਦੇ ਪਿੰਡ ਜਲਾਲਪੁਰ ਦਾ ਰਹਿਣ ਵਾਲਾ ਰਵਿੰਦਰ ਸਿੰਘ ਖੇਤੀ ਬਾੜੀ ਕਰਦਾ ਹੈ। ਦੂਜਾ ਨੌਜਵਾਨ ਲਖਵਿੰਦਰ ਸਿੰਘ ਪਿੰਡ ਦਾ ਪੰਚਾਇਤ ਮੈਂਬਰ ਹੈ ਤੇ ਖੇਤੀਬਾੜੀ ਕਰਦਾ ਹੈ। ਤੀਜਾ ਨੌਜਵਾਨ ਰਸ਼ਮਿੰਦਰ ਸਿੰਘ ਪਿੰਡ ਜਲਾਲਪੁਰ ‘ਚ ਹੀ ਬੱਬਰ ਜਵੈਲਰਸ ਦੇ ਨਾਂ ਤੋਂ ਸੁਨਿਆਰੇ ਦੀ ਦੁਕਾਨ ਕਰਦਾ ਹੈ। ਪੁਲਿਸ ਨੇ ਜਦੋਂ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ ‘ਚ ਇਕ 32 ਬੋਰ ਦਾ ਰਿਵਾਲਵਰ ਤੇ 25 ਜਿੰਦਾ ਕਾਰਤੂਸ ਤੇ ਚਾਰ ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਮੁਲਜਮਾਂ ਤੋਂ ਬਰਾਮਦ ਹੋਏ ਰਿਵਾਲਵਰ ਦੇ ਸਬੰਧ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਇਹ ਰਿਵਾਲਵਰ ਉਹ ਕਿੱਥੋਂ ਲੈ ਕੇ ਆਏ ਸਨ ਤੇ ਕਿਉਂ ਲੈ ਕੇ ਆਏ ਸਨ।