ਪਾਕਿ ਦੀਆਂ ਨਾਪਾਕ ਹਰਕਤਾਂ : ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਚੌਕੀ ਨਿਊ ਗਜਨੀ ਵਾਲਾ ਤੋਂ ਮਿਲਿਆ ਹਥਿਆਰਾਂ ਦਾ ਜ਼ਖੀਰਾ

ਫਿਰੋਜ਼ਪੁਰ, (ਪੰਜਾਬੀ ਸਪੈਕਟ੍ਰਮ ਸਰਵਿਸ): ਹਿੰਦ ਪਾਕਿ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਦੀ ਇੱਕ ਕੋਸ਼ਿਸ਼ ‘ਚ ਪਾਕਿਸਤਾਨ ਵੱਲੋਂ ਭਾਰਤ ਭੇਜੀ ਹਥਿਆਰਾਂ ਦੀ ਇੱਕ ਖੇਪ ਸਰਹੱਦੀ ਸੁਰੱਖਿਆ ਬਲ ਦੀ 124 ਬਟਾਲੀਅਨ ਨੇ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਬੀਐੱਸਐੱਫ ਸੂਤਰਾਂ ਮੁਤਾਬਕ ਇਹ ਹਥਿਆਰ ਪਾਕਿਸਤਾਨ ਵੱਲੋਂ ਭਾਰਤ ਦੀ ਸਰਹੱਦੀ ਚੌਕੀ ਨਿਊ ਗਜਨੀਵਾਲਾ ਦੇ ਕੋਲੋਂ ਭਾਰਤ ‘ਚ ਭੇਜੇ ਗਏ ਸਨ। ਅਜੇ ਵੀ ਬੀਐੱਸਐੱਫ ਜਵਾਨਾਂ ਦੀ ਸਰਚ ਮੁਹਿੰਮ ਜਾਰੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 124 ਬਟਾਲੀਅਨ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸਰਚ ਮੁਹਿੰਮ ਚਲਾਉਂਦੇ ਹੋਏ ਸਰਹੱਦੀ ਚੌਂਕੀ ਨਿਊ ਗਜ਼ਨੀਵਾਲਾ ਦੇ ਕੋਲੋਂ ਕੰਢਿਆਲੀ ਤਾਰ ਦੇ ਪਾਰ 3 ਏਕੇ 47 ਰਾਈਫਲਾਂ, 6 ਮੈਗਜੀਨ, 91 ਕਾਰਤੂਸ 2 ਐੱਮਐੱਮ, 2 ਰਾਈਫਲ, 4 ਮੈਗਜ਼ੀਨ, 57 ਕਾਰਤੂਸ ਤੇ 2 ਪਿਸਤੌਲ, 9 ਐੱਮਐੱਮ ਤੇ 20 ਕਾਰਤੂਸ ਬਰਾਮਦ ਕੀਤੇ ਹਨ। ਬੀਐੱਸਐੱਫ ਵੱਲੋਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਕਰਦਿਆਂ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਇਹ ਹਥਿਆਰ ਭਾਰਤ ‘ਚ ਕਿਹੜੇ ਸਮੱਗਲਰਾਂ ,ਅੱਤਵਾਦੀਆਂ ਜਾਂ ਗੈਂਗਸਟਰਾਂ ਨੇ ਵਸੂਲ ਪਾਉਣੇ ਸਨ।