ਪੁਲਿਸ ਨੇ ਲੱਭ ਲਿਆ ਸਿਵਲ ਹਸਪਤਾਲ ਜਲੰਧਰ ਤੋਂ ਚੋਰੀ ਹੋਇਆ ਬੱਚਾ, ਦੋ ਔਰਤਾਂ ਸਮੇਤ ਪੰਜ ਗਿ੍ਰਫਤਾਰ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ):  ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਪਿਛਲੇ ਦੋ ਦਿਨਾਂ ਤੋਂ ਸਿਵਲ ਹਸਪਤਾਲ ਜਲੰਧਰ ਤੋਂ ਅਗਵਾ ਕੀਤੇ ਗਏ ਨਵ ਜਨਮੇ ਬੱਚੇ (ਲੜਕੇ) ਨੂੰ ਸੁਰੱਖਿਆ ਬਚਾਉਣ ਤੋਂ ਇਲਾਵਾ ਇਸ ਘਿਨੌਣੇ ਜੁਰਮ ਵਿੱਚ ਸ਼ਾਮਿਲ ਪੰਚਾਇਤ ਮੈਂਬਰ ਅਤੇ ਸਿਵਲ ਹਸਪਤਾਲ ਦੇ ਸਫ਼ਾਈ ਕਰਮਚਾਰੀ ਸਮੇਤ ਪੰਜ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਦੋਸ਼ੀਆਂ ਦੀ ਪਹਿਚਾਣ ਗੁਰਮੀਤ ਸਿੰਘ ਗੋਪੀ (22) ਪੰਚਾਇਤ ਮੈਂਬਰ ਪਿੰਡ ਮਹੇੜੂ, ਗੁਰਪ੍ਰੀਤ ਸਿੰਘ ਪੀਤਾ (24), ਰਣਜੀਤ ਸਿੰਘ ਰਾਣਾ (25), ਦਵਿੰਦਰ ਕੌਰ ਖ਼ੁਰਸੈਦਪੁਰ ਕਲੋਨੀ ਨਕੋਦਰ ਅਤੇ ਕਿਰਨ (28) ਲੰਬਾ ਪਿੰਡ ਵਜੋਂ ਹੋਈ ਹੈ। ਕਿਰਨ ਪਿਛਲੇ ਸੱਤ ਸਾਲਾਂ ਤੋਂ ਸਿਵਲ ਹਸਪਤਾਲ ਵਿਖੇ ਸਫ਼ਾਈ ਮੁਲਾਜਮ ਵਜੋਂ ਕੰਮ ਕਰ ਰਹੀ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆ ਵਲੋਂ ਬੱਚੇ ਨੂੰ ਚਾਰ ਲੱਖ ਰੁਪਏ ‘ਚ ਵੇਚ ਕੇ ਰਕਮ ਨੂੰ ਬਰਾਬਰ ਆਪਸ ਵਿੱਚ ਵੰਡਿਆ ਜਾਣਾ ਸੀ।ਦੋਸ਼ੀਆਂ ਤੋਂ ਮੁੱਢਲੀ ਪੁੱਛਗਿੱਛ ਵਿੱਚ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 20 ਅਗਸਤ ਦੀ ਰਾਤ 12.40 ਵਜੇ ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਅਤੇ ਗਰਪ੍ਰੀਤ ਸਿੰਘ ਪੀਤਾ ਬਲੈਰੋ ਗੱਡੀ (ਪੀ.ਬੀ. 08-ਸੀ.ਜੀ.-2473) ਵਿੱਚ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਪਹੁੰਚੇ ਅਤੇ ਉਹ ਲਗਾਤਾਰ ਦੂਜੇ ਦੋਸੀਆਂ ਰਣਜੀਤ, ਦਵਿੰਦਰ ਕੌਰ ਅਤੇ ਕਿਰਨ ਦੇ ਨਾਲ ਫੋਨ ‘ਤੇ ਸੰਪਰਕ ਵਿੱਚ ਸਨ ਅਤੇ ਇਸ ਉਪਰੰਤ ਹਸਪਤਾਲ ਦੇ ਜੱਚਾ-ਬੱਚਾ ਸੰਭਾਲ ਕੇਂਦਰ ਵਿਖੇ ਦਾਖਿਲ ਹੋਏ। ਇਸ ਉਪਰੰਤ ਕਿਰਨ ਵਲੋਂ ਨਵ ਜਨਮਿਆਂ ਬੱਚਾ (ਲੜਕਾ) ਅਗਵਾ ਕਰਕੇ ਪੌੜੀਆਂ ਨੇੜੇ ਗੁਰਪ੍ਰੀਤ ਸਿੰਘ ਗੋਪੀ ਅਤੇ ਗੁਰਪ੍ਰੀਤ ਸਿੰਘ ਪੀਤਾ ਨੂੰ ਦੇ ਦਿੱਤਾ ਜੋ ਤੁਰੰਤ ਬਲੈਰੋ ਗੱਡੀ ਵਿੱਚ ਉਥੋਂ ਦੌੜ ਗਏ।
ਕਮਿਸ਼ਨਰ ਪੁਲਿਸ ਨੇ ਅੱਗੇ ਦੱਸਿਆ ਕਿ ਦੋਵਾਂ ਦੋਸ਼ੀਆਂ ਵਲੋਂ ਨਵ ਜਨਮੇ ਬੱਚੇ ਨੂੰ ਦਵਿੰਦਰ ਕੌਰ ਅਤੇ ਰਣਜੀਤ ਰਾਣਾ ਨੂੰ ਗਾਂਧਰਾ-ਪੰਡੋਰੀ ਰੋਡ ‘ਤੇ ਹਵਾਲੇ ਕੀਤਾ ਗਿਆ।ਭੁੱਲਰ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਸ੍ਰੀਮਤੀ ਵਤਸਲਾ ਗੁਪਤਾ, ਏਸੀਪੀ ਹਰਸਿਮਰਤ ਸਿੰਘ, ਸੀਆਈਏ ਹੈਡ ਹਰਵਿੰਦਰ ਸਿੰਘ ਦੀ ਟੀਮ ਦੋਸੀਆਂ ਨੂੰ ਫੜਨ ਤੇ ਨਵ ਜਨਮੇ ਬੱਚੇ ਨੂੰ ਸੁਰੱਖਿਅਤ ਬਚਾਉਣ ਲਈ ਗਠਿਤ ਕੀਤੀ ਗਈ। ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਹਸਪਤਾਲ ਦੇ ਡਾਕਟਰਾਂ ਦੀ ਹਾਜ਼ਰੀ ਵਿੱਚ ਨਵ ਜਨਮਿਆਂ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
006