ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਸਬੰਧਿਤ ਅਤਿ ਲੋਂੜੀਦਾ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ ਨੂੰ 6 ਹੋਰ ਸਾਥੀਆਂ ਨਾਲ ਕੀਤਾ ਕਾਬੂ

ਵੱਡੀ ਖੇਪ ਵਿੱਚ ਗੈਰ-ਕਾਨੂੰਨੀ ਹਥਿਆਰਾਂ, ਡਰੱਗ ਮਨੀ, ਵਾਹਨਾਂ ਅਤੇ ਨਕਲੀ ਦਸਤਾਵੇਜ਼ ਕੀਤੇ ਬਰਾਮਦ

ਚੰਡੀਗੜ੍ਹ 08 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਇਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅਤਿ ਲੋਂੜੀਦਾ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸਦਾ ਕਥਿਤ ਤੌਰ ‘ਤੇ ਮਿ੍ਰਤਕ ਪਾਕਿਸਤਾਨ ਅਧਾਰਤ ਕੇਐਲਐਫ ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ ਅਧਾਰਤ ਕੇਜੈਡਐਫ ਬੱਗਾ ਨਾਲ ਕਥਿਤ ਸਬੰਧ ਸਨ।ਇਕ ਹੋਰ ਨਾਮੀ ਗੈਂਗਸਟਰ ਸੁਖਜਿੰਦਰ ਅਤੇ ਬਿੱਲਾ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ, ਨਾਲ ਹੀ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਦੇ ਨਾਲ-ਨਾਲ ਡਰੋਨਾਂ ਸਮੇਤ ਡਰੱਗ ਮਨੀ ਵੀ ਕਈ ਤਰੀਕਿਆਂ ਰਾਹੀਂ ਵੱਖ-ਵੱਖ ਸਮੇਂ ਸਰਹੱਦ ਤੋਂ ਸਮੱਗਲਿੰਗ ਕੀਤੇ ਗਏ ਸਨ।ਡੀਜੀਪੀ ਪੰਜਾਬ ਦਿਨਕਰ ਗੁਪਤਾ ਅਨੁਸਾਰ ਕੱਲ੍ਹ ਚੰਡੀਗੜ੍ਹ ਤੋਂ ਓ.ਸੀ.ਸੀ.ਯੂ. ਟੀਮ, ਕਾਊਂਟਰ ਇੰਟੈਲੀਜੈਂਸ ਜਲੰਧਰ ਯੂਨਿਟ ਅਤੇ ਕਪੂਰਥਲਾ ਪੁਲਿਸ ਨੇ ਇੱਕ ਸਾਂਝੇ ਅਭਿਆਨ ਤਹਿਤ ਇਹ ਗਿ੍ਰਫ਼ਤਾਰੀਆਂ ਕੀਤੀਆਂ ਹਨ, ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ (ਨਿਵਾਸੀ ਮੰਡਿਆਲਾ, ਗੁਰਦਾਸਪੁਰ), ਸੁਖਜਿੰਦਰ ਸਿੰਘ (ਨਿਵਾਸੀ ਪਿੰਡ ਕਮੋਕੇ ਬਿਆਸ, ਅੰਮਿ੍ਰਤਸਰ) ਤੋਂ ਇਲਾਵਾ ਕਪੂਰਥਲਾ ਦੇ ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ ਅਤੇ ਮਨਿੰਦਰਜੀਤ ਸਿੰਘ ਉਰਫ਼ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ਼ ਲਵਲੀ (ਨਿਵਾਸੀ ਅਮਰਕੋਟ, ਵਲਟੋਹਾ ਤਰਨ ਤਾਰਨ) ਵਜੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ 18 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਵੇਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਹਥਿਆਰਾਂ/ਨਸ਼ਿਆਂ ਦੀ ਤਸਕਰੀ ਆਦਿ ਵਿਚ ਸ਼ਾਮਲ ਸੀ।ਗਿ੍ਰਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਵੱਖਰੇ ਤੌਰ ‘ਤੇ ਰੱਖਿਆ ਗਿਆ ਹੈ ਕਿਉਂਕਿ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਵੱਲੋਂ ਕੋਵਿਡ -19 ਲਈ ਟੈਸਟ ਕੀਤੇ ਜਾ ਰਹੇ ਹਨ।ਸ੍ਰੀ ਗੁਪਤਾ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਪਾਕਿਸਤਾਨ ਤੋਂ ਸਮੱਗਲਿੰਗ ਕੀਤੇ ਗਏ ਬਹੁਤ ਹੀ ਅਤਿ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਇਸ ਬਰਾਮਦਗੀ ਵਿਚ ਦੋ 30 ਬੋਰ ਦੀਆਂ ਡਰੱਮ ਮਸ਼ੀਨ ਗੰਨਾਂ, ਤਿੰਨ ਪਿਸਟਲ (ਸਿਗ ਸਾਉਰ ਮਾਰਕਾ ਵਾਲੇ ਜਰਮਨੀ ਵਿਚ ਬਣੇ), ਦੋ ਗਲੋਕ ਪਿਸਟਲ (ਆਸਟਰੀਆ ਵਿਚ ਬਣੇ), ਦੋ 30 ਬੋਰ ਪਿਸਟਲ, ਇਕ 32 ਬੋਰ ਦਾ ਪਿਸਟਲ, ਇਕ 315 ਬੋਰ ਰਾਈਫਲ, 341 ਜ਼ਿੰਦਾ ਕਾਰਤੂਸ, ਦੋ ਡਰੱਮ ਮੈਗਜ਼ੀਨਾਂ, 14 ਪਿਸਟਲ ਮੈਗਜ਼ੀਨਾਂ ਦੇ ਨਾਲ ਤਿੰਨ ਲੱਖ ਅੱਠ ਸੌ ਅਠਾਰਾਂ ਰੁਪਏ ਅਤੇ ਇਕ ਸੌ ਆਸਟਰੇਲੀਅਨ ਡਾਲਰ ਦੀ ਡਰੱਗ ਮਨੀ ਸ਼ਾਮਲ ਹੈ।ਇਸ ਨੂੰ ਕਿਸੇ ਅਪਰਾਧਿਕ ਗਿਰੋਹ ਵੱਲੋਂ ਅਤਿ ਆਧੁਨਿਕ ਹਥਿਆਰਾਂ ਦੇ ਸਭ ਤੋਂ ਵੱਡੀ ਬਰਾਮਦਗੀ ਵਿੱਚੋਂ ਇੱਕ ਕਰਾਰ ਦਿੰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਸਿਗ ਸਾਊਰ ਪਿਸਟਲ ਅਸਲ ਵਿੱਚ ਸੰਯੁਕਤ ਰਾਜ ਦੇ ਸਭ ਤੋਂ ਚੁਣੇ ਹੋਏ ਨੇਤਾਵਾਂ ਖ਼ਾਸਕਰ ਰਾਸ਼ਟਰਪਤੀ ਦੀ ਰੱਖਿਆ ਕਰਨ ਵਾਲੇ ਯੂਐਸ ਸੀਕ੍ਰੇਟ ਸਰਵਿਸ ਦੇ ਮੈਂਬਰਾਂ ਦੁਆਰਾ ਵਰਤੀਆਂ ਜਾਂਦੀਆਂ ਹਨ।ਪੁਲਿਸ ਟੀਮਾਂ ਨੇ ਸੁਲਤਾਨਪੁਰ ਲੋਧੀ ਥਾਣੇ ਦੇ ਦਾਦਵਿੰਡੀ ਅਤੇ ਮੋਠਾਂਵਾਲਾ ਖੇਤਰ ਦੇ ਆਲੇ ਦੁਆਲੇ ਘੇਰਾਬੰਦੀ ਕੀਤੀ ਅਤੇ ਗਿ੍ਰਫ਼ਤਾਰੀਆਂ ਕੀਤੀਆਂ। ਇਹਨਾਂ ਸਾਰੇ 6 ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਆਈਪੀਸੀ ਦੀ ਧਾਰਾ 384, 465,467, 468, 471, 473,  489, ਯੂ.ਏ.ਪੀ.ਏ. ਦੀ ਧਾਰਾ 13, 18 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਕੇਸ ਦਰਜ ਕੀਤਾ ਗਿਆ ਹੈ।ਮੁੱਢਲੀ ਪੜਤਾਲ ਦੌਰਾਨ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨੇ ਖੁਲਾਸਾ ਕੀਤਾ ਹੈ ਕਿ ਉਹ ਮਿਰਜ਼ਾ ਅਤੇ ਅਹਿਦਦੀਨ ਸਮੇਤ ਵੱਖ ਵੱਖ ਪਾਕਿਸਤਾਨ ਅਧਾਰਤ ਹਥਿਆਰਾਂ ਅਤੇ ਨਸ਼ਿਆਂ ਦੇ ਤਸਕਰਾਂ ਨਾਲ ਸੰਪਰਕ ਵਿੱਚ ਸੀ ਅਤੇ ਉਸਨੇ ਉਨ੍ਹਾਂ ਕੋਲੋਂ ਖਾਸਕਰ ਫਿਰੋਜ਼ਪੁਰ ਖੇਤਰ ਵਿਚ ਪਹਿਲਾਂ ਵੀ ਬਹੁਤ ਸਾਰੇ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ। ਬਿੱਲਾ ਮੰਡਿਆਲਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨਾਲ ਨੇੜਲੇ ਸੰਪਰਕ ਵਿੱਚ ਸੀ, ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਜਰਮਨੀ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਵਿੱਚ ਹੋਣ ਦਾ ਸ਼ੱਕੀ ਹੈ। ਗੁਰਪ੍ਰੀਤ ਸੇਖੋਂ ਇੱਕ ‘ਏ‘ ਸ਼੍ਰੇਣੀ ਦਾ ਗੈਂਗਸਟਰ ਹੈ ਜੋ ਪਹਿਲਾਂ ਕੇਐਲਐਫ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੇ ਸੰਪਰਕ ਵਿੱਚ ਰਿਹਾ ਸੀ, ਜਿਸਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।