ਫਲਾਈਓਵਰ ਦੀ ਉਸਾਰੀ ਵਿੱਚ ਲਗਾਤਾਰ ਹੋ ਰਹੀ ਦੇਰੀ ਦੇ ਕਾਰਨ ਕਾਰੋਬਾਰ ਹੋ ਰਿਹਾ ਪ੍ਰਭਾਵਿਤ 

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) – ਜਲਾਲਾਬਾਦ ਰੋਡ ’ਤੇ ਰੇਲਵੇ ਫਾਟਕ ਬੀ-30 ’ਤੇ ਬਣ ਰਹੇ ਫਲਾਈਓਵਰ ਦੀ ਉਸਾਰੀ ਵਿੱਚ ਲਗਾਤਾਰ ਹੋ ਰਹੀ ਦੇਰੀ ਦੇ ਕਾਰਨ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰ ਪ੍ਰਭਾਵਿਤ ਹੋ ਚੁੱਕਾ ਹੈ। 15 ਮਹੀਨੇ ਦੇ ਅੰਦਰ ਫਲਾਈਓਵਰ ਦਾ ਕੰਮ ਮੁਕੰਮਲ ਕਰਨ ਦੇ ਸਰਕਾਰ ਦੇ ਦਾਅਵੇ ਹਵਾਈ ਸਾਬਿਤ ਹੋ ਰਹੇ ਹਨ। 20 ਜਨਵਰੀ 2019 ਨੂੰ ਮਾਣਯੋਗ ਵਿਜੇਂਦਰ ਸਿੰਗਲਾ ਪੀਡਬਲਯੂਡੀ ਮੰਤਰੀ ਨੇ ਭੂਮੀ ਪੂਜਨ ਕਰਕੇ ਉਸਦਾ ਉਦਘਾਟਨ ਕਰਨ ਸਮੇਂ 15 ਮਹੀਨੇ ਵਿੱਚ ਪੁਲ ਦਾ ਨਿਰਮਾਣ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ, ਪਰ ਪੁਲ ਦੀ ਉਸਾਰੀ ਵਿੱਚ ਦੇਰੀ ਹੋਣ ਕਾਰਨ ਇਲਾਕੇ ਦੇ ਪਿੰਡ ਵਾਸੀਆਂ, ਵਪਾਰੀਆਂ, ਸ਼ਹਿਰ ਵਾਸੀਆਂ ਅਤੇ ਪੁਲ ਤੋਂ ਪ੍ਰਭਾਵਿਤ ਦੁਕਾਨਦਾਰਾਂ ਵਿੱਚ ਕਾਫ਼ੀ ਰੋਸ ਹੈ। 13 ਫਰਵਰੀ 2019 ਨੂੰ ਡਾਈਵਰਸ਼ਨ ਪਲਾਨ (ਰੂਟ ਬਦਲਣ) ਜਲਾਲਾਬਾਦ ਰੋਡ, ਗੁਰੂਹਰਸਹਾਏ ਰੋਡ ਦਾ ਟਰੈਫਿਕ ਜਲਾਲਾਬਾਦ ਰੋਡ ਬਾਈਪਾਸ ਸੂਏ ਦੇ ਨਾਲ-ਨਾਲ ਹੁੰਦਾ ਹੋਇਆ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 13 ਫਰਵਰੀ 2019 ਨੂੰ ਫਾਟਕ ਬੰਦ ਕਰ ਦਿੱਤਾ ਗਿਆ। ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਅਧਿਕਾਰੀਆਂ ਨੇ ਮਈ 2020 ਤੱਕ ਕੁੱਲ ਰਕਮ ਮੁਕੰਮਲ ਕਰਨ ਦਾ ਵਾਅਦਾ ਕੀਤਾ ਸੀ, ਪਰ 18 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲ ਦੀ ਉਸਾਰੀ ਸੁਸਤ ਗਤੀ ਨਾਲ ਚੱਲ ਰਿਹਾ ਹੈ, ਜਿਸ ਕਰਕੇ ਦੁਕਾਨਦਾਰ ਤੇ ਆਮ ਜਨਤਾ ਵਿੰਚ ਪਰੇਸ਼ਾਨੀ ਵੱਧ ਰਹੀ ਹੈ। ਫਾਟਕੋਂ ਪਾਰ ਦੇ ਲੋਕ ਰੇਲਵੇ ਰੋਡ ਤੋਂ ਘਾਹ ਮੰਡੀ ਨੂੰ ਜਾਣ ਵਾਲੀ ਆਮ ਰਸਤਾ ਨਾ ਹੋਣ ਕਾਰਨ ਅਤੇ ਕੋਰੋਨਾ ਕਰਕੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਇਸਦੇ ਨਾਲ ਲੱਗਦੇ ਪਿੰਡ ਵਾਸੀ ਵੀ ਆਪਣੀ ਜ਼ਰੁਰਤ ਦਾ ਸਮਾਨ ਖ਼ਰੀਦਣ ਲਈ ਘਾਹ ਮੰਡੀ ਵਿੱਚ ਨਹੀਂ ਆ ਸਕਦੇ, ਕਿਉਂਕਿ ਇਹ ਰਸਤਾ ਬੰਦ ਹੋ ਗਿਆ ਹੈ। ਇੱਥੋਂ ਤੱਕ ਮਰੀਜ਼ਾਂ ਨੂੰ ਹਸਪਤਾਲ ਜਾਣ ਲਈ ਨਵੇਂ
ਰਸਤੇ ਹੋ ਕੇ ਜਾਣਾ ਪੈਂਦਾ ਹੈ। ਕੋਰੋਨਾ ਕਰਕੇ ਪੁਲ ਦੇ ਕੰਮ ਤੇ ਲੇਬਰ ਦੀ ਘਾਟ ਕਾਰਨ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਠੇਕੇਦਾਰ  ਨੂੰ ਪੇਮੈਂਟ ਨਾ ਹੋਣਾ ਵੀ ਬਹੁਤ ਵੱਡਾ ਕਾਰਨ ਹੈ। ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਦੇ ਅਹੁਦੇਦਾਰ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਭੰਵਰ ਲਾਲ ਸ਼ਰਮਾ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਸੁਭਾਸ਼ ਚੰਦਰ ਅਤੇ ਕਾਲਾ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪੁਲ ਤੋਂ ਪ੍ਰਭਾਵਿਤ ਦੁਕਾਨਦਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਫਾਟਕ ਨੰਬਰ 30 ਤੋਂ ਦੁਪਹੀਆ ਵਾਹਨਾਂ ਦੇ ਲੰਘਣ ਲਈ ਰਸਤੇ ਦਾ ਪ੍ਰਬੰਧ ਕੀਤਾ ਜਾਵੇ।