ਬਠਿੰਡਾ ਵਿੱਚ ਵਿਅਕਤੀ ਨੇ ਕੀਤੀ ਖੁਦਕੁਸ਼ੀ, ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੌਂਪਿਆ ਮਿ੍ਰਤਕ ਵੱਲੋਂ ਲਿਖਿਆ ਪੱਤਰ 

ਬਠਿੰਡਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਕਪੂਰਥਲਾ ਦੇ ਤਾਂਤਰਿਕ ਪਤੀ-ਪਤਨੀ ਤੋਂ ਦੁਖੀ ਹੋ ਕੇ ਇਕ ਵਿਅਕਤੀ ਨੇ ਥਰਮਲ ਪਲਾਂਟ ਦੀ ਝੀਲ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਦੀ ਪਛਾਣ ਲਵਲੀਨ ਕੁਮਾਰ (44) ਪੁੱਤਰ ਪ੍ਰੇਮ ਨਾਥ ਵਾਸੀ ਗਨੇਸ਼ਾ ਬਸਤੀ ਵਜੋਂ ਹੋਈ ਹੈ। ਉਸਨੇ ਮਰਨ ਤੋਂ ਪਹਿਲਾਂ ਇਕ ਖੁਦਕੁਸ਼ੀ ਨੋਟ ਵੀ ਲਿਖਿਆ ਹੈ ਜਿਸ ਵਿਚ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਕਤ ਖੁਦਕੁਸ਼ੀ ਪੱਤਰ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਸਥਾਨਕ ਗੋਨਿਆਣਾ ਰੋਡ ‘ਤੇ ਸਥਿਤ ਥਰਮਲ ਪਲਾਂਟ ਦੀ ਝੀਲ ਵਿਚੋਂ ਇਕ ਵਿਅਕਤੀ ਦੀ ਲਾਸ਼ ਤੈਰਦੀ ਹੋਈ ਮਿਲੀ। ਥਾਣਾ ਥਰਮਲ ਦੀ ਪੁਲਿਸ ਨੇ ਸਹਾਰਾ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਝੀਲ ਵਿਚੋਂ ਕੱਢ ਕੇ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਪਹੁੰਚਾਇਆ। ਉਕਤ ਵਿਅਕਤੀ ਬੁੱਧਵਾਰ ਤੋਂ ਲਾਪਤਾ ਸੀ। ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਇਕ ਪੱਤਰ ਵੀ ਸੌਂਪਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਪੱਤਰ ਉਕਤ ਵਿਅਕਤੀ ਨੇ ਮੌਤ ਤੋਂ ਪਹਿਲਾਂ ਲਿਖਿਆ ਹੈ।
ਪੱਤਰ ਵਿਚ ਲਵਲੀਨ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਤਾਂਤਰਿਕ ਪਤੀ-ਪਤਨੀ ਨੂੰ ਠਹਿਰਾਇਆ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਿ੍ਰਤਕ ਦੇ ਪਰਿਵਾਰ ਵਾਲਿਆਂ ਵੱਲੋਂ ਦਿੱਤੇ ਗਏ ਪੱਤਰ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਹਾਰਾ ਵਰਕਰਾਂ ਨੇ ਦੱਸਿਆ ਕਿ ਲਵਲੀਨ ਕੁਮਾਰ ਵਰਧਮਾਨ ਫੈਕਟਰੀ ਵਿਚ ਕੰਮ ਕਰਦਾ ਸੀ। ਇਸ ਸਬੰਧੀ ਥਾਣਾ ਥਰਮਲ ਦੇ ਸਬ ਇੰਸਪੈਕਟਰ ਬਲਕੌਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੜਤਾਲ ਵਿਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਵਿਅਕਤੀ ਨੇ ਲਵਲੀਨ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਿ੍ਰਤਕ ਲਵਲੀਨ ਕੁਮਾਰ ਨੰਦਾ ਨੇ ਖੁਦਕੁਸੀ ਕਰਨ ਤੋਂ ਪਹਿਲਾਂ ਆਪਣੇ ਘਰ ਵਿੱਚ 2 ਪੇਜਾਂ ਦਾ ਸੁਸਾਈਡ ਨੋਟ ਲਿਖਿਆ ਸੀ, ਜਿਸ ਵਿੱਚ ਉਸਨੇ ਲਿਖਿਆ ਕਿ ਉਸਦਾ ਵਿਆਹ 15 ਸਾਲ ਪਹਿਲਾਂ ਸੁਨੀਤਾ ਕੁਮਾਰੀ ਨਾਲ ਹੋਇਆ ਸੀ। ਉਸਦਾ ਪਰਿਵਾਰ ਕਾਫੀ ਖੁਸ ਸੀ, ਪਰ ਇਸ ਦੌਰਾਨ ਉਸਨੂੰ ਕਿਸੇ ਨੇ ਦੱਸਿਆ ਕਿ ਰਾਕੇਸ ਕੁਮਾਰ ਉਰਫ ਬਾਬਾ ਜੀ ਔਜਲਾ ਦਾ ਕਪੂਰਥਲਾ ਵਿੱਚ ਡੇਰਾ ਹੈ। ਉਥੇ ਜਾ ਕੇ ਹਰ ਇੱਛਾ ਪੂਰੀ ਹੁੰਦੀ ਹੈ ਤੇ ਬਾਬਾ ਘਰੇਲੂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੰਮ ਕਰਦਾ ਹੈ।
ਸੁਰੂ ਵਿਚ ਉਕਤ ਬਾਬੇ ਦੇ ਵਿਸਵਾਸ ‘ਤੇ, ਉਹ ਉਸਦੇ ਪਿੰਡ ਔਜਲਾ ਵਿੱਚ ਛੋਟੇ ਜਿਹੇ ਡੇਰੇ ਵਿੱਚ ਜਾਣ ਲੱਗੇ। ਇਸ ਦੌਰਾਨ, ਬਾਬੇ ਅਤੇ ਉਸਦੀ ਪਤਨੀ ਨੇ ਉਸਦੀ ਪਤਨੀ ਸੁਨੀਤਾ ਕੁਮਾਰੀ ਨੂੰ ਆਪਣੀ ਜਾਲ ਵਿੱਚ ਫਸਾਉਣਾ ਸੁਰੂ ਕਰ ਦਿੱਤਾ। ਬਾਬਾ ਉਸ ਕੋਲੋਂ ਪੈਸੇ ਵਸੂਲ ਕਰਦਾ ਸੀ, ਅਤੇ ਨਾਲ ਹੀ ਬਾਬੇ ਨੇ ਉਸਦੀ ਪਤਨੀ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਨਾ ਸੁਰੂ ਕਰ ਦਿੱਤਾ। ਉਹ ਉਸਦੀ ਪਤਨੀ ਨਾਲ ਘੰਟਿਆਂ ਬੱਧੀ ਗੱਲਾਂ ਕਰਦਾ ਰਹਿੰਦਾ। ਉਥੇ ਹੀ, ਮੈਨੂੰ ਸ਼ੱਕ ਨਾ ਹੋਵੇ ਇਸ ਲਈ ਆਪਣੀ ਪਤਨੀ ਨਾਲ ਵੀ ਮੇਰੀ ਪਤਨੀ ਦੀ ਗੱਲ ਕਰਵਾ ਦਿੰਦਾ ਸੀ।
ਬਾਬੇ ਨੇ ਉਸਦੀ ਪਤਨੀ ਨੂੰ ਪੂਰੀ ਤਰ੍ਹਾਂ ਉਸਦੇ ਚੁੰਗਲ ਵਿੱਚ ਫਸ ਲਿਆ ਅਤੇ ਉਸਨੂੰ ਉਸਦੇ ਵਿਰੁੱਧ ਭੜਕਾਉਣਾ ਸੁਰੂ ਕਰ ਦਿੱਤਾ। ਹਾਲ ਹੀ ਵਿੱਚ, 23 ਅਗਸਤ 2020 ਨੂੰ, ਉਸਦੀ ਪਤਨੀ ਹਸਪਤਾਲ ਵਿੱਚ ਦਾਖਲ ਸੀ, ਤਾਂ ਬਾਬਾ ਅਤੇ ਉਸਦੀ ਪਤਨੀ ਉਸਨੂੰ ਮਿਲਣ ਲਈ ਆਏ ਅਤੇ ਉਸਨੂੰ ਮੇਰੇ ਬਾਰੇ ਭੜਕਾਉਣਾ ਸੁਰੂ ਕਰ ਦਿੱਤਾ। ਉਥੇ ਹੀ ਉਨ੍ਹਾਂ ਦੇ ਜਾਣ ਤੋਂ ਬਾਅਦ 25 ਅਗਸਤ ਨੂੰ ਪਤਨੀ ਨੇ ਝਗੜਾ ਕਰਨਾ ਸੁਰੂ ਕਰ ਦਿੱਤਾ। ਉਥੇ ਹੀ ਜਦੋਂ ਮੈਂ ਪਤਨੀ ਨੂੰ ਸਮਝਾਇਆ ਤਾਂ ਉਕਤ ਬਾਬੇ ਅਤੇ ਉਸਦੀ ਪਤਨੀ ਨੇ ਮੈਨੂੰ ਫੋਨ ‘ਤੇ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਕਿ ਜੇ ਉਸਨੇ ਸੁਨੀਤਾ ਨੂੰ ਫੋਨ ਕਰਨ ਜਾਂ ਮਿਲਣ ਤੋਂ ਰੋਕਿਆ ਤਾਂ ਉਹ ਉਸਨੂੰ ਨੁਕਸਾਨ ਪਹੁੰਚਾਏਗਾ। ਇੰਨਾ ਹੀ ਨਹੀਂ ਇਸ ਦੌਰਾਨ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਗੱਲ ਤੋਂ ਮਾਨਸਿਕ ਤੌਰ ‘ਤੇ ਪ੍ਰੇਸਾਨ ਹੋ ਕੇ ਆਪਣੀ ਜਿੰਦਗੀ ਖਤਮ ਕਰ ਰਿਹਾ ਹਾਂ।