ਬਾਦਲਾਂ ਦੇ ਪਿੰਡ ਨੂੰ ਜਾਂਦੀ ਸੜਕ ‘ਤੇ ਲਹਿਰਾਇਆ ਖਾਲਿਸਤਾਨੀ ਝੰਡਾ

ਬਾਦਲ, (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਸਰਕਾਰ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਨੂੰ ਜਾਂਦੀ ਬਾਦਲ ਸੜਕ ਉਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ। ਸੋਮਵਾਰ ਸਵੇਰੇ ਹੀ ਬਾਦਲ ਪਿੰਡ ਨੂੰ ਜਾਂਦੀ ਮੁੱਖ ਸੜਕ ਉਤੇ ਨਰੂਆਣਾ ਪਿੰਡ ਦੇ ਨਜ਼ਦੀਕ ਖਾਲਿਸਤਾਨੀ ਝੰਡਾ ਲਹਿਰਾਉਂਦਾ ਹੋਇਆ ਦੇਖਿਆ ਗਿਆ, ਜਿਸ ਦੀ ਸੂਚਨਾ ਮਿਲਣ ਉਤੇ ਮੌਕੇ ਉਤੇ ਇਲਾਕੇ ਦੀ ਪੁਲਿਸ ਪਹੁੰਚੀ ਅਤੇ ਉਕਤ ਝੰਡਾ ਹਟਾਇਆ ਗਿਆ। ਇਸ ਮਾਮਲੇ ਸਬੰਧੀ ਜਦੋਂ ਜਿਲ੍ਹਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਹੜੇ ਵਿਅਕਤੀ ਨੇ ਇਹ ਝੰਡਾ ਲਾਇਆ।
ਪੁਲਿਸ ਵੱਲੋਂ ਇਸ ਸੜਕ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਸਿੱਖ ਨੌਜਵਾਨਾਂ ਨੂੰ ਰਿਫਰੈਂਡਮ 2020 ਦੇ ਨਾਮ ਉਤੇ ਖਾਲਿਸਤਾਨੀ ਝੰਡੇ ਲਹਿਰਾਉਣ ਲਈ ਸੱਦਾ ਦਿੱਤਾ ਗਿਆ ਹੈ, ਜਿਸ ਉਤੇ ਪੰਜਾਬ ਦੇ ਕੁਝ ਨੌਜਵਾਨ ਝੰਡੇ ਲਹਿਰਾ ਰਹੇ ਹਨ ਅਤੇ ਹੁਣ ਇਹ ਮੁਹਿੰਮ ਬਾਦਲਾਂ ਦੇ ਪਿੰਡ ਤੱਕ ਵੀ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ।