ਮਾਂ ਨੇ ਸੱਤ ਸਾਲਾ ਧੀ ਨੂੰ ਜਿੰਦਾ ਸਾੜਿਆ, ਅੱਧਸੜੀ ਲਾਸ਼ ਲਿਫਾਫੇ ‘ਚ ਪਾ ਕੇ ਛੱਪੜ ਨੇੜੇ ਸੁੱਟੀ    

ਅਜਨਾਲਾ, (ਪੰਜਾਬੀ ਸਪੈਕਟ੍ਰਮ ਸਰਵਿਸ) – ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਖ਼ੁਰਦ ‘ਚ ਬੀਤੀ ਰਾਤ ਇੱਕ 7 ਸਾਲਾਂ ਧੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੀ ਕਲਯੁਗੀ ਮਾਂ ਨੂੰ ਮਾਣਯੋਗ ਅਦਾਲਤ ਵੱਲੋਂ ਦੋ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਸਬ-ਇੰਸਪੈਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਖਿਆਲਾ ਖ਼ੁਰਦ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਆਪਣੀ 7 ਸਾਲਾ ਧੀ ਅਰਸ਼ਦੀਪ ਕੌਰ ਨੂੰ ਧੌਣ ‘ਚ ਦਾਤਰ ਮਾਰ ਕੇ ਮਾਰ ਦਿੱਤਾ ਸੀ, ਜਿਸ ਨੂੰ ਗਿ੍ਰਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਲੋਪੋਕੇ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਨ ਉਪਰੰਤ ਉਸ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀਮਤੀ ਰਾਧਿਕਾ ਪੁਰੀ ਦੀ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਹਰਪ੍ਰੀਤ ਕੌਰ ਕੋਲੋਂ ਵਾਰਦਾਤ ਸਮੇਂ ਵਰਤਿਆ ਦਾਤਰ ਬਰਾਮਦ ਕੀਤਾ ਜਾਵੇਗਾ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵਾਰਦਾਤ ਸਮੇਂ ਉਸ ਨਾਲ ਕੋਈ ਹੋਰ ਵਿਅਕਤੀ ਨਾਲ ਤਾਂ ਨਹੀਂ ਸੀ। ਉਧਰ ਆਪਣੀ ਧੀ ਦਾ ਕਤਲ ਕਰਨ ਵਾਲੀ ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਰਸ਼ਦੀਪ ਕੌਰ ਰੋਜ਼ਾਨਾ ਦੀ ਤਰ੍ਹਾਂ ਕੱਲ੍ਹ ਵੀ ਸਿਰ ਵਾਹੁਣ ਸਮੇਂ ਤੰਗ ਪ੍ਰੇਸ਼ਾਨ ਕਰ ਰਹੀ ਸੀ, ਜਿਸ ਦੇ ਗ਼ੁੱਸੇ ‘ਚ ਆ ਕੇ ਉਸ ਨੇ ਘਰ ਵਿੱਚ ਪਏ ਤੇਜ਼ਧਾਰ ਹਥਿਆਰ (ਦਾਤਰ) ਨਾਲ ਲੜਕੀ ‘ਤੇ ਵਾਰ ਕਰ ਦਿੱਤਾ ਅਤੇ ਬਾਅਦ ‘ਚ ਉਸ ਦੀ ਲਾਸ਼ ਨੂੰ ਬਾਹਰ ਲਿਜਾ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਸ ਦੀ ਅੱਧਸੜੀ ਲਾਸ਼ ਨੂੰ ਪਲਾਸਟਿਕ ਬੈਗ ‘ਚ ਪਾ ਕੇ ਛੱਪੜ ਨੇੜੇ ਸੁੱਟ ਦਿੱਤਾ।  ਬੱਚੀ ਦੇ ਗਾਇਬ ਹੋਣ ਤੋਂ ਬਾਅਦ ਪੁਲਿਸ ਤੇ ਪਰਿਵਾਰ ਨੇ ਉਸ ਦੀ ਤਲਾਸ਼ ਦੌਰਾਨ ਅੱਧਸੜੀ ਲਾਸ਼ ਬਰਾਮਦ ਕੀਤੀ। ਔਰਤ ਦੇ ਚਾਰ ਬੱਚੇ ਹਨ ਤੇ ਪਤੀ ਨਾਲ ਝਗੜੇ ਤੋਂ ਬਾਅਦ ਉਹ ਗੁਰਦੁਆਰੇ ਦੇ ਇਕ ਸੇਵਾਦਾਰ ਨਾਲ ਰਹਿ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।