ਮੁੱਖ ਸਕੱਤਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਸੂਬੇ ਦੇ ਸੜਕੀ ਪ੍ਰਾਜੈਕਟਾਂ ‘ਚ ਤੇਜ਼ੀ ਲਿਆਉਣ ਵਾਸਤੇ ਤਾਲਮੇਲ ਕਮੇਟੀ ਕਾਇਮ ਕਰਨ ਦੇ ਨਿਰਦੇਸ਼

ਨੈਸ਼ਨਲ ਹਾਈਵੇਅ ਅਥਾਰਟੀ ਦੇ ਚੇਅਰਮੈਨ ਨਾਲ ਮੀਟਿੰਗ ਦੌਰਾਨ ਸੂਬੇ ਵਿੱਚ ਐਨ.ਐਚ.ਏ.ਆਈ. ਪ੍ਰਾਜੈਕਟਾਂ ਦਾ ਜਾਇਜ਼ਾ

ਸੂਬੇ ਵਿੱਚ ਬਿਹਤਰੀਨ ਸੜਕੀ ਸੰਪਰਕ ਅਤੇ ਸਰਬਪੱਖੀ ਆਰਥਿਕ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ) ਦੇ ਚੇਅਰਮੈਨ ਡਾ: ਸੁਖਬੀਰ ਸਿੰਘ ਸੰਧੂ ਨਾਲ ਸੂਬੇ ਵਿੱਚ ਸੜਕ ਪ੍ਰਾਜੈਕਟਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਤਾਲਮੇਲ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ, ਜੋ ਐਨ.ਐਚ.ਏ.ਆਈ. ਦੇ ਪ੍ਰਾਜੈਕਟਾਂ ਨਾਲ ਸਬੰਧਤ ਮਸਲਿਆਂ ਦੇ ਜਲਦੀ ਹੱਲ ਅਤੇ ਇਨਾਂ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਹਰ ਦੋ ਹਫ਼ਤਿਆਂ ਬਾਅਦ ਮੀਟਿੰਗ ਕਰੇਗੀ। ਦਿੱਲੀ-ਅੰਮਿ੍ਰਤਸਰ-ਕਟੜਾ ਐਕਸਪ੍ਰੈੱਸਵੇਅ ਦੀ ਅੰਮਿ੍ਰਤਸਰ ਨਾਲ ਅਲਾਈਨਮੈਂਟ ਬਾਰੇ ਚਰਚਾ ਕਰਦਿਆਂ ਉਨਾਂ ਨੇ ਦਿੱਲੀ-ਅੰਮਿ੍ਰਤਸਰ-ਕਟੜਾ ਐਕਸਪ੍ਰੈੱਸਵੇਅ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਕਰਨ ਸਬੰਧੀ ਮਸਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਇਸ ਪ੍ਰਾਜੈਕਟ ਦਾ ਕੰਮ ਅਕਤੂਬਰ-ਨਵੰਬਰ ਤੱਕ ਅਲਾਟ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਸਮੇਤ ਉਸਾਰੀ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਹਰ ਲੋੜੀਂਦੀ ਮਦਦ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇਅ ਅਤੇ ਅੰਮਿ੍ਰਤਸਰ-ਜਾਮਨਗਰ ਐਕਸਪ੍ਰੈਸਵੇਅ ਨਾਲ ਪੰਜਾਬ ਦੇ ਮੁੱਖ ਸ਼ਹਿਰ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮਿ੍ਰਤਸਰ ਜੁੜਨਗੇ, ਜਿਸ ਨਾਲ ਸੂਬੇ ਦੇ ਪ੍ਰਮੁੱਖ ਸਨਅਤੀ ਅਤੇ ਆਰਥਿਕ ਕੇਂਦਰਾਂ ਦੀ ਦੇਸ਼ ਦੀਆਂ ਵੱਖ-ਵੱਖ ਬੰਦਰਗਾਹਾਂ ਅਤੇ ਅਹਿਮ ਸ਼ਹਿਰਾਂ ਨਾਲ ਸੰਪਰਕ ਵਧੇਗਾ।  ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਐਨ.ਐਚ.ਏ.ਆਈ.  ਵੱਲੋਂ ਮੌਜੂਦਾ ਚਹੁੰ-ਮਾਰਗੀ ਕੌਮੀ ਸ਼ਾਹਰਾਹਾਂ ਨੂੰ ਇਨਾਂ ਸ਼ਹਿਰਾਂ ਨੂੰ ਆਪਸ ਵਿੱਚ ਜੋੜਨ ਲਈ ਸਿਗਨਲ ਮੁਕਤ ਬਣਾਉਣ ਲਈ ਅਧਿਐਨ ਕੀਤਾ ਜਾ ਰਿਹਾ ਹੈ।  ਮੀਟਿੰਗ ਦੌਰਾਨ ਰਾਜ ਵਿੱਚ 12 ਨਵੇਂ ਪ੍ਰਾਜੈਕਟਾਂ ਦੀ ਅਲਾਈਨਮੈਂਟ, ਜਿਨਾਂ ਵਿੱਚ ਜ਼ੀਰਕਪੁਰ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨਾ ਵੀ ਸ਼ਾਮਲ ਹੈ, ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਸੂਬਾ ਸਰਕਾਰ ਨੂੰ ਜ਼ਮੀਨ ਗ੍ਰਹਿਣ, ਵਾਤਾਵਰਨ, ਜੰਗਲਾਤ ਵਿਭਾਗ ਦੀ ਪ੍ਰਵਾਨਗੀ ਅਤੇ ਉਸਾਰੀ ਤੋਂ ਪਹਿਲਾਂ ਦੀਆਂ ਹੋਰ ਗਤੀਵਿਧੀਆਂ ਤੋਂ ਇਲਾਵਾ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਤੋਂ ਪ੍ਰਾਜੈਕਟਾਂ ਨੂੰ ਜਲਦੀ ਪ੍ਰਵਾਨਗੀ ਲਈ ਬੇਨਤੀ ਕੀਤੀ। ਇਸ ਦੌਰਾਨ 12 ਨਵੇਂ ਪ੍ਰਾਜੈਕਟਾਂ ਮੋਗਾ-ਬਾਜਾਖਾਨਾ, ਬਠਿੰਡਾ-ਮੰਡੀ ਡੱਬਵਾਲੀ, ਅੰਮਿ੍ਰਤਸਰ-ਊਨਾ, ਅੰਮਿ੍ਰਤਸਰ-ਰਮਦਾਸ, ਮਲੋਟ-ਅਬੋਹਰ-ਸਾਧੂਵਾਲੀ, ਖਰੜ-ਬਨੂੜ-ਤੇਪਲਾ, ਅੰਮਿ੍ਰਤਸਰ ਬਾਈਪਾਸ, ਬਠਿੰਡਾ ਬਾਈਪਾਸ, ਜ਼ੀਰਕਪੁਰ ਬਾਈਪਾਸ-ਅੰਬਾਲਾ-ਪੰਚਕੂਲਾ, ਛੱਤ ਜੰਕਸ਼ਨ ਤੋਂ ਸਿੰਘਪੁਰਾ ਚੌਕ ਤੱਕ ਐਲੀਵੇਟਿਡ ਰੋਡ, ਫਗਵਾੜਾ-ਹੁਸ਼ਿਆਰਪੁਰ ਅਤੇ ਮਲੋਟ-ਡੱਬਵਾਲੀ ਬਾਰੇ ਚਰਚਾ ਕੀਤੀ ਗਈ।