ਮੋਗਾ ‘ਚ ਮੁੜ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ, ਨੌਂ ਦਿਨਾਂ ‘ਚ ਤੀਜੀ ਘਟਨਾ

ਮੋਗਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਮੋਗਾ ਵਿਖੇ ਉਸ ਸਮੇਂ ਸੰਨਸਨੀ ਫੈਲ ਗਈ ਜਦੋਂ ਮੋਗਾ ਤੋਂ ਕੋਟਕਪੂਰਾ ਨੂੰ ਜਾਣ ਲਈ ਬਣੇ ਓਵਰਬਿ੍ਰਜ ‘ਤੇ ਐਤਵਾਰ ਸਵੇਰੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਭਾਵੇਂ ਝੰਡਾ ਲਹਿਰਾਉਣ ਵਾਲਿਆਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ ਪਰ ਸਵੇਰੇ ਤਕਰੀਬਨ ਸਾਢੇ ਸੱਤ ਵਜੇ ਜਦੋਂ ਇੱਥੋਂ ਲੰਘ ਰਹੇ ਇਕ ਨੌਜਵਾਨ ਨੇ ਝੰਡਾ ਦੇਖਿਆ ਤਾਂ ਉਸ ਨੇ ਤੁਰੰਤ ਸ਼ਿਵ ਸੈਨਾ ਹਿੰਦ ਦੇ ਕੌਮੀ ਯੂਥ ਵਿੰਗ ਸਟੂਡੈਂਟ ਪ੍ਰਧਾਨ ਨੂੰ ਦੱਸਿਆ। ਉਨ੍ਹਾਂ ਵੱਲੋਂ ਪੁਲ ਅਧੀਨ ਆਉਂਦੇ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮੁਤਾਬਿਕ ਦੋ ਮੁਲਾਜ਼ਮ ਬਿਨਾਂ ਵਰਦੀ ਤੋਂ ਆਏ ਤੇ ਝੰਡੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਭਾਵੇਂ ਅਜੇ ਤਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਜ਼ਿਲ੍ਹੇ ‘ਚ ਇਹ ਨੌਂ ਦਿਨਾਂ ‘ਚ ਤੀਸਰੀ ਵਾਰ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸ ਦਈਏ ਇਸ ਤੋਂ ਪਹਿਲਾਂ 14 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ‘ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ। ਇਸ ਤੋਂ ਬਾਅਦ ਜਲ੍ਹਿੇ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਝੰਡਾ ਫਿਰ ਲਹਿਰਾਇਆ ਗਿਆ ਪਰ ਉਸ ‘ਤੇ ਖਾਲਿਸਤਾਨ ਨਹੀਂ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਐਤਵਾਰ ਨੂੰ ਕੋਟਕਪੂਰਾ ਬਾਈਪਾਸ ‘ਤੇ ਬਣੇ ਓਵਰਬਿ੍ਰਜ ‘ਤੇ ਝੰਡਾ ਲਹਿਰਾਇਆ ਗਿਆ, ਜਿਸ ‘ਤੇ ਖਾਲਿਸਤਾਨ ਛਪਿਆ ਹੋਇਆ ਸੀ ਜਿਸ ਦੀ ਪੂਰੇ ਸ਼ਹਿਰ ਵਿਚ ਚਰਚਾ ਹੋ ਰਹੀ ਹੈ।