ਗਿੱਦੜਬਾਹਾ, (ਪੰਜਾਬੀ ਸਪੈਕਟ੍ਰਮ ਸਰਵਿਸ): ਕਰੀਬ ਦੋ ਸਾਲਾਂ ਦੀ ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਭਲਾਈਆਂ ‘ਚ ਦੋ ਪਰਿਵਾਰਾਂ ‘ਚ ਹੋਏ ਝਗੜੇ ਦੌਰਾਨ ਇਕ ਪਰਿਵਾਰ ਵੱਲੋਂ ਦੂਜੇ ‘ਤੇ ਗੋਲੀਆਂ ਚਲਾ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਵਿਅਕਤੀ ਨੂੰ ਪਹਿਲਾਂ ਦੋਦਾ ਹਸਪਤਾਲ ‘ਚ ਤੇ ਬਾਅਦ ‘ਚ ਬਠਿੰਡਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ਪੁੱਜੇ ਡੀਐੱਸਪੀ ਗੁਰਤੇਜ ਸਿੰਘ ਗਿੱਦੜਬਾਹਾ ਅਤੇ ਥਾਣਾ ਕੋਟਭਾਈ ਦੇ ਐੱਸਐੱਚਓ ਅੰਗੇਰੇਜ਼ ਸਿੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਦੀ ਮਾਤਾ ਗੁਰਪ੍ਰੀਤ ਕੌਰ ਭਲਾਈਆਣਾ ਨੇ ਦੱਸਿਆ ਕਿ ਉਸਦਾ ਲੜਕਾ ਜੀਵਨ ਸਿੰਘ ਉਰਫ਼ ਕਾਲਾ ਜੋ ਕਿ ਗੁਰਪਿੰਦਰ ਕੌਰ ਵਾਸੀ ਗੰਗਾ (ਬਠਿੰਡਾ) ਨਾਲ ਵਿਆਹ ਹੋਇਆ ਸੀ ਅਤੇ ਪਿੱਛਲੇ ਚਾਰ ਸਾਲਾਂ ਤੋਂ ਅਣਬਨ ਚਲ ਰਹੀ ਸੀ ਅਤੇ ਇਸੇ ਰੰਜ਼ਿਸ ਤਹਿਤ ਲੜਕੀ ਦੇ ਪਿਤਾ ਉਸਦੀ ਮਾਤਾ ਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਘਰ ਛੱਡਣ ਦਾ ਬਹਾਨਾ ਬਣਾ ਕੇ ਸ਼ਰੇਆਮ ਗੋਲੀਆਂ ਚਲਾ ਕੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਸਦੇ ਬੇਟੇ ਜੀਵਨ ਸਿੰਘ ਦੇ ਗੋਲੀ ਵੱਜੀ। ਰੌਲਾ ਪੈਣ ‘ਤੇ ਉਹ ਮਰੂਤੀ ਕਾਰ ਛੱਡ ਕੇ ਫਰਾਰ ਹੋ ਗਏ। ਓਧਰ ਕੋਟਭਾਈ ਦੇ ਐਸਐਚਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾਵੇਗੀ।