ਵੱਖ-ਵੱਖ ਸੂਬਿਆਂ ‘ਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰੇ ਹਥਿਆਰਾਂ ਸਮੇਤ ਗਿ੍ਰਫ਼ਤਾਰ

ਟਾਂਡਾ ਉੜਮੁੜ, (ਪੰਜਾਬੀ ਸਪੈਕਟ੍ਰਮ ਸਰਵਿਸ): ਟਾਂਡਾ ਪੁਲਿਸ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਦੋ ਪਿਸਤੋਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ ਗਿ੍ਰਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮੋਰੋ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਤੇ ਸੁਖਜੀਤ ਸਿੰਘ ਗੈਂਡਾ ਪੁੱਤਰ ਜਗਦੀਪ ਸਿੰਘ ਵਾਸੀ ਝਿੰਗੜਾਂ ਥਾਣਾ ਮੁਕੰਦਪੁਰ ਜ਼ਿਲ੍ਹਾ ਨਵਾਂ ਸ਼ਹਿਰ ਵਜੋਂ ਹੋਈ ਹੈ।
ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਪਤਾਨ ਇੰਵੈਸਟੀਗੇਸ਼ਨ ਹੁਸ਼ਿਆਰਪੁਰ ਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਬੀਤੀ 15 ਜੂਨ ਨੂੰ ਉਕਤ ਨੌਜਵਾਨ ਸਹਾਰਨਪੁਰ (ਉੱਤਰ ਪ੍ਰਦੇਸ਼) ਤੋਂ ਇਕ ਕਾਰ ਤੇ ਮੋਬਾਈਲ ਖੋਹ ਕੇ ਪੰਜਾਬ ‘ਚ ਆ ਵੜੇ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ 16 ਜੂਨ ਨੂੰ ਫਗਵਾੜਾ ‘ਚ ਪੈਟਰੋਲ ਪੰਪ ਤੋਂ ਪੰਜ ਹਜ਼ਾਰ ਦੀ ਨਕਦੀ ਖੋਹੀ ਫਿਰ ਮੁੱਲਾਂਪੁਰ ਤੋਂ ਇਕ ਮਰੂਤੀ ਬਰੇਜ਼ਾ ਕਾਰ ਖੋਹੀ ਤੇ ਬਾਅਦ ‘ਚ ਗੁਰਾਇਆ ਤੋਂ ਵੈਸਟਰਨ ਯੂਨੀਅਨ ਤੋਂ ਤਿੰਨ ਹਜ਼ਾਰ ਦੀ ਨਕਦੀ ਤੇ ਮੋਬਾਈਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ ਸਾਢੇ ਸੱਤ ਵਜੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਜੌਹਲਾਂ ਫੋਕਲ ਪੁਆਇੰਟ ਨੇੜੇ ਉਕਤ ਦੋਨੋਂ ਨੌਜਵਾਨਾਂ ਨੇ ਪਿੰਡ ਧੁੱਗਾ ਕਲਾਂ ਦੇ ਇਕ ਕਿਸਾਨ ਹਰਦੇਵ ਸਿੰਘ ਤੇ ਉਸ ਦੇ ਪੁੱਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਕੋਲੋਂ ਪਿਸਤੌਲ ਦੇ ਜ਼ੋਰ ‘ਤੇ ਨਕਦੀ ਲੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਹਰਕਤ ਵਿਚ ਆਈ ‘ਤੇ ਇਲਾਕੇ ‘ਚ ਨਾਕੇਬੰਦੀ ਕਰਕੇ ਉਕਤ ਦੋਵਾਂ ਕਾਰ ਸਵਾਰ ਲੁਟੇਰਿਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਕੋਲੋਂ ਲਾਲ ਰੰਗ ਦੀ ਖੋਹੀ ਮਰੂਤੀ ਬਰੇਜਾ ਕਾਰ, ਇਕ ਦੇਸੀ ਪਿਸਤੌਲ 315 ਬੋਰ, ਇਕ ਦੇਸੀ ਪਿਸਤੌਲ 32 ਬੋਰ ਸਮੇਤ ਕਾਰਤੂਸ ਤੇ ਪੰਜ ਮੋਬਾਈਲ ਬਰਾਮਦ ਹੋਏ। ਪੁਲਿਸ ਕਪਤਾਨ ਨੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਹ ਨਸ਼ੇ ਦੇ ਆਦੀ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ ਤੇ ਅੱਜ-ਕੱਲ੍ਹ ਜਮਾਨਤ ‘ਤੇ ਬਾਹਰ ਆਏ ਹੋਏ ਹਨ। ਉਕਤ ਨੌਜਵਾਨਾਂ ‘ਤੇ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਲੁੱਟ-ਖੋਹ, ਨਸ਼ਾ ਸਮੱਗਲਿੰਗ ਦੇ ਡੇਢ ਦਰਜਨ ਦੇ ਕਰੀਬ ਪਰਚੇ ਦਰਜ ਹਨ। ਪੁਲਿਸ ਕਪਤਾਨ ਨੇ ਦੱਸਿਆ ਕਿ ਉਕਤ ਨੌਜਵਾਨਾਂ ਖ਼ਿਲਾਫ਼ ਥਾਣਾ ਟਾਂਡਾ ‘ਚ ਮਾਮਲਾ ਦਰਜ ਕਰ ਲਿਆ ਹੈ ਤੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਖੁਲਾਸੇ ਹੋਣ ਦੀ ਆਸ ਹਨ।