ਸਕੀਆਂ ਭੈਣਾਂ ਸਵਾ ਕਿੱਲੋ ‘ਚਿੱਟੇ’ ਸਮੇਤ ਕਾਬੂ.

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ STF ਲੁਧਿਆਣਾ ਨੇ ਵੱਡੀ ਕਾਰਵਾਈ ਕਰਦਿਆਂ ਜੱਸੀਆਂ ਰੋਡ ‘ਤੇ ਸਪੈਸ਼ਲ ਨਾਕਾਬੰਦੀ ਦੌਰਾਨ ਦੋ ਐਕਟਿਵ ਸਵਾਰ ਸਕੀਆਂ ਭੈਣਾਂ ਨੂੰ ਸਵਾ ਕਿੱਲੋ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਹੌਲਦਾਰ ਨਵਕਮਲ ਜੋਤ ਸਿੰਘ ਕੋਲ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਦੋ ਔਰਤਾਂ ਕਾਫੀ ਸਮੇਂ ਤੋਂ ਰਲਕੇ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰ ਰਹੀਆਂ ਹਨ। ਅੱਜ ਵੀ ਉਹ ਨਸ਼ੇ ਦੀ ਸਪਲਾਈ ਦੇਣ ਲਈ ਆ ਰਹੀਆਂ ਹਨ।

ਸੂਚਨਾ ਪੱਕੀ ਤੇ ਭਰੋਸੇਯੋਗ ਹੋਣ ‘ਤੇ ਫੋਰਨ ਕਾਰਵਾਈ ਕਰਦਿਆਂ STF ਨੇ ਜੱਸੀਆਂ ਰੋਡ ‘ਤੇ ਨਾਕਾਬੰਦੀ ਕਰਕੇ ਦੋ ਔਰਤਾਂ ਨੂੰ ਐਕਟਿਵਾ ਦੀ ਡਿੱਗੀ ਵਿੱਚ ਰੱਖੀ ਸਵਾ ਕਿੱਲੋ ਹੈਰੋਇਨ ਸਣੇ ਕਾਬੂ ਕਰ ਲਿਆ। ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤਾਂ ਦੀ ਪਛਾਣ ਕਿਰਨ ਬਾਲਾ ਉਰਫ ਮੰਨਾ ਤੇ ਸੁਮਨ ਬਾਲਾ ਉਰਫ ਬਿੱਲੀ ਵਜੋਂ ਹੋਈ ਹੈ।

ਇਨ੍ਹਾਂ ਦੋਹਾਂ ਦੇ ਪਤੀ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ਔਰਤਾਂ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਤੇ ਦੋਵੇਂ ਕਈ ਮਾਮਲਿਆਂ ਵਿੱਚ ਫਰਾਰ ਚੱਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਔਰਤਾਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਹੈਰੋਇਨ ਮੰਗਵਾ ਕੇ ਲੁਧਿਆਣਾ ਸ਼ਹਿਰ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਸਪਲਾਈ ਕਰਦੀਆਂ ਸਨ।