ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰ ਮੁਸ਼ਕਿਲ ਹਾਲਾਤ ’ਚ ਸਾਂਝੇ ਯਤਨਾਂ ਨਾਲ ਟੀਚਿਆਂ ਦੀ ਪ੍ਰਾਪਤੀ ਦਾ ਪ੍ਰਤੱਖ ਸਬੂਤ: ਵਿਨੀ ਮਹਾਜਨ

ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰ ਮੁਸ਼ਕਿਲ ਹਾਲਾਤ ’ਚ ਸਾਂਝੇ ਯਤਨਾਂ ਨਾਲ ਟੀਚਿਆਂ ਦੀ ਪ੍ਰਾਪਤੀ ਦਾ ਪ੍ਰਤੱਖ ਸਬੂਤ: ਵਿਨੀ ਮਹਾਜਨ

ਉੱਘੇ ਅਦਾਕਾਰ ਸੋਨੂ ਸੂਦ ਅਤੇ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਦਾ ‘ਸਪੈਸ਼ਲ ਹਿਊਮਨਟੇਰੀਅਨ ਐਕਸ਼ਨ’ ਐਵਾਰਡ ਨਾਲ ਸਨਮਾਨ

ਆਨਲਾਈਨ ਐਵਾਰਡ ਸਮਾਰੋਹ ਦੌਰਾਨ ਵੱਖ ਵੱਖ ਸ਼੍ਰੇਣੀਆਂ ਵਿੱਚ 17 ਜੇਤੂਆਂ ਦਾ ਐਲਾਨ

ਚੰਡੀਗੜ੍ਹ, (ਪੰਜਾਬੀ ਸਪੈਕਟ੍ਰਮ ਸਰਵਿਸ) : ਪੰਜਾਬ ਦੇ ਯੋਜਨਾਬੰਦੀ ਵਿਭਾਗ ਵੱਲੋਂ ਸਥਾਈ ਵਿਕਾਸ ਟੀਚਿਆਂ (ਐਸ.ਡੀ.ਜੀ.) ਸਬੰਧੀ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਐਵਾਰਡ ਸਮਾਰੋਹ ਦੀ ਪ੍ਰਧਾਨਗੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕੀਤੀ। ਸੰਯੁਕਤ ਰਾਸ਼ਟਰ ਵਿਕਾਸ ਪੋ੍ਰਗਰਾਮ ਦੇ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਖ ਵੱਖ ਸ਼੍ਰੇਣੀਆਂ ਵਿੱਚ 17 ਜੇਤੂਆਂ ਅਤੇ ਦੋ ਵਿਸ਼ੇਸ਼ ਐਂਟਰੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਲਾਈਵ ਸਮਾਰੋਹ ਨੂੰ ਸੰਬੋਧਨ ਕਰਦਿਆਂ, ਜਿਸ ਵਿੱਚ 200 ਤੋਂ  ਵੱਧ ਵਿਅਕਤੀਆਂ ਨੇ ਹਿੱਸਾ ਲਿਆ, ਮੁੱਖ ਸਕੱਤਰ ਨੇ ਕਿਹਾ ਕਿ ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰ ਇਸ ਗੱਲ ਦਾ ਸਬੂਤ ਹਨ ਕਿ ਮੁਸ਼ਕਿਲ ਹਾਲਾਤਾਂ ਵਿੱਚ ਵੀ ਸਾਂਝੇ ਯਤਨਾਂ ਨਾਲ ਕੀ ਕੁੱਝ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਲਮੀ ਕੌਮਾਂਤਰੀ ਏਜੰਸੀਆਂ ਜਿਵੇਂ ਕਿ ਸੰਯੁਕਤ ਰਾਸ਼ਟਰ ਵਿਕਾਸ ਪੋ੍ਰਗਰਾਮ ਜਾਂ ਸਰਕਾਰਾਂ ਦੀ ਹੀ ਸਾਜ਼ਗਾਰ ਮਾਹੌਲ ਸਿਰਜਣ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਗੋਂ ਸਮਾਜ ਲਈ ਵੀ ਇਹ ਜ਼ਰੂਰੀ ਹੈ ਕਿ ਸਥਾਈ ਵਿਕਾਸ ਟੀਚਿਆਂ ਦੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ’ਤੇ ਅਮਲ ਕੀਤਾ ਜਾਵੇ।
ਸੰਯੁਕਤ ਰਾਸ਼ਟਰ ਵਿਕਾਸ ਪੋ੍ਰਗਰਾਮ ਦੇ ਭਾਰਤੀ ਪ੍ਰਤੀਨਿਧ ਸ੍ਰੀਮਤੀ ਨਾਡੀਆ ਰਾਸ਼ੀਦ ਨੇ ਸਥਾਈ ਵਿਕਾਸ ਟੀਚਿਆਂ (ਐਸ.ਡੀ.ਜੀਜ਼) ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ “ਅਸੀਂ ਆਮ ਵਾਂਗ ਕਾਰੋਬਾਰ ਜਾਰੀ ਨਹੀਂ ਰੱਖ ਸਕਦੇ – ਸਥਿਰ ਵਿਕਾਸ ਟੀਚਿਆਂ ਦੀ ਜਲਦੀ ਪ੍ਰਾਪਤੀ ਲਈ ਸਾਨੂੰ ਨਵੀਨਤਾ, ਹੱਲ ਅਤੇ ਨਵੀਆਂ ਤਕਨੀਕਾਂ ਦੀ ਜ਼ਰੂਰਤ ਹੈ।’’ ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਮਨੁੱਖੀ ਵਿਕਾਸ ਸੂਚਕ ਅੰਕ ਸਬੰਧੀ ਭਾਰਤ ਵਿੱਚ ਸਾਲ 2011 ਤੋਂ ਬਾਅਦ ਸ਼ਾਨਦਾਰ ਵਿਕਾਸ ਹੋਇਆ ਹੈ ਪਰ ਕੋਵਿਡ-19 ਅਤੇ ਤਾਲਾਬੰਦੀ ਨੇ ਇਸ ਵਿੱਚ ਖੜ੍ਹੋਤ ਲਿਆਂਦੀ ਹੈ, ਪਰ ਇਹ ਸਥਾਈ ਵਿਕਾਸ ਟੀਚੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਦੇ ਹੱਲ ਲਈ ਚਿਰਸਥਾਈ ਉਪਾਅ ਮੁਹੱਈਆ ਕਰਵਾਉਂਦੇ ਹਨ।
ਜ਼ਿਕਰਯੋਗ ਹੈ ਕਿ ਸਥਾਈ ਵਿਕਾਸ ਟੀਚਿਆਂ ਸਬੰਧੀ ਇਹ ਪੁਰਸਕਾਰ ਉਨ੍ਹਾਂ ਸਰਕਾਰੀ ਵਿਭਾਗਾਂ, ਐਨ.ਜੀ.ਓਜ਼., ਆਮ ਲੋਕਾਂ, ਕਾਰਪੋਰੇਟਜ਼ ਨੂੰ ਦਿੱਤੇ ਗਏ ਹਨ, ਜਿਨ੍ਹਾਂ ਨੇ ਆਰਥਿਕ ਤਰੱਕੀ, ਸਮਾਜਿਕ ਉੱਨਤੀ ਤੇ ਭਲਾਈ ਲਈ ਪਹਿਲਕਦਮੀ, ਵਾਤਾਵਰਨ ਸਥਿਰਤਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਭਾਵਨਾ ਤੋਂ ਇਲਾਵਾ ਏਕੀਕਰਨ, ਆਪਸੀ ਸਾਂਝ ਅਤੇ ਸਾਂਝੇ ਕਾਰਜਾਂ ਵਿੱਚ ਸੂਬੇ ’ਚ ਸਥਾਈ ਵਿਕਾਸ ਲਈ ਯਤਨ ਕੀਤੇ ਹਨ।
ਐਸ.ਡੀ.ਜੀ.ਸੀ.ਸੀ. ਟੀਮ ਵੱਲੋਂ ਇਨ੍ਹਾਂ ਐਵਾਰਡਾਂ ਲਈ ਆਈਆਂ ਨਾਮਜ਼ਦਗੀਆਂ ਨੂੰ ਸਥਾਈ ਵਿਕਾਸ ਟੀਚਿਆਂ ਦੇ ਮਾਪਦੰਡਾਂ, ਪਹਿਲਕਦਮੀ ਦੇ ਪ੍ਰਭਾਵ, ਕੀਤੇ ਕੰਮ ਦੀ ਪ੍ਰਭਾਵਸ਼ੀਲਤਾ ਅਤੇ ਸਮਰੱਥਾ ਦੇ ਆਧਾਰ ’ਤੇ ਚੋਣ ਕੀਤੀ ਅਤੇ ਇਹ ਸੂਚੀ ਜੇਤੂਆਂ ਦੇ ਐਲਾਨ ਵਾਸਤੇ ਬਣਾਏ ਗਏ 5 ਜੱਜਾਂ ਦੇ ਪੈਨਲ ਨੂੰ ਸੌਂਪੀ ਗਈ। ਜੱਜਾਂ ਦੇ ਪੈਨਲ ਵੱਲੋਂ 17 ਜੇਤੂਆਂ ਅਤੇ ਦੋ ਵਿਸ਼ੇਸ਼ ਐਂਟਰੀਆਂ ਦੀ ਚੋਣ ਕੀਤੀ ਗਈ। ਵੱਡੇ ਪੱਧਰ ’ਤੇ ਸਾਰੇ ਸਥਾਈ ਵਿਕਾਸ ਟੀਚਿਆਂ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ‘ਸਪੈਸ਼ਨ ਹਿਊਮਨਟੇਰੀਅਨ ਐਕਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਵਿਸ਼ੇਸ਼ ਪੁਰਸਕਾਰ ਉੱਘੇ ਅਦਾਕਾਰ  ਸ੍ਰੀ ਸੋਨੂੰ ਸੂਦ ਅਤੇ ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਡਾ. ਐਸ.ਪੀ.ਐਸ. ਓਬਰਾਏ (ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਨੂੰ ਦਿੱਤਾ ਗਿਆ।
ਸ੍ਰੀ ਇਕਬਾਲ ਸ਼ਾਹ ਨੂੰ ਤਾਲਾਬੰਦੀ ਦੌਰਾਨ ਭੋਜਨ ਦੀ ਵੰਡ ਲਈ ਵਿਅਕਤੀਗਤ ਸ਼੍ਰੇਣੀ ਵਿੱਚ ‘ਸਾਰਿਆਂ ਨੂੰ ਨਾਲ ਲੈ ਚੱਲਣ ਦੀ ਭਾਵਨਾ’ ਐਵਾਰਡ ਨਾਲ ਸਨਮਾਨਿਆ ਗਿਆ। ਐਨ.ਜੀ.ਓ. ਸ਼੍ਰੇਣੀ ਵਿੱਚ ਇਹ ਐਵਾਰਡ ਸਪੀਕਿੰਗ ਹੈਂਡਜ਼ ਫਾਊਂਡੇਸ਼ਨ ਨੂੰ ਸੁਣ ਨਾ ਸਕਣ ਵਾਲੇ ਬੱਚਿਆਂ ਦੇ ਸਸ਼ਕਤੀਕਰਨ ਲਈ ਕੀਤੇ ਕਾਰਜਾਂ ਲਈ ਦਿੱਤਾ ਗਿਆ। ‘ਆਰਥਿਕ ਸਥਿਰਤਾ’ ਪੁਰਸਕਾਰ ਐਨ.ਜੀ.ਓ. ਸ਼੍ਰੇਣੀ ਵਿੱਚ ਰੈੱਡ ਕਰਾਸ- ਇਨਫੋਸਿਸ ਪੀਜੀਆਈ ਸਰਾਏ ਨੂੰ ਮਰੀਜ਼ਾਂ ਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਸ਼ਰਨ ਦੇਣ ਅਤੇ ‘ਸੰਵੇਦਨਾ’ ਨੂੰ ਮੁਫ਼ਤ ਐਂਬੂਲੈਸ ਸੇਵਾਵਾਂ ਲਈ ਮਿਲਿਆ। ਇਹ ਐਵਾਰਡ ਵਿਅਕਤੀਗਤ ਸ਼੍ਰੇਣੀ ਵਿੱਚ ਗੁਰਦੇਵ ਕੌਰ ਦਿਓਲ ਨੂੰ ਆਲਮੀ ਸਵੈ-ਸਹਾਇਤਾ ਸਮੂਹ ‘ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ’ ਲਈ ਮਿਲਿਆ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੂੰ ਪਰਾਲੀ ਪ੍ਰਬੰਧਨ ਪੋ੍ਰਗਰਾਮ ਲਈ ਵਾਤਾਵਰਨ ਸਥਿਰਤਾ ਪੁਰਸਕਾਰ ਗੌਰਮਿੰਟ ਸ਼੍ਰੇਣੀ ਵਿੱਚ ਮਿਲਿਆ ਅਤੇ ਪੰਜਾਬ ਰੀਨਿਊਏਬਲ ਐਨਰਜੀ ਸਿਸਟਮਜ਼ ਨੂੰ ਝੋਨੇ ਦੀ ਪਰਾਲੀ ਤੋਂ ਬਾਇਓਮਾਸ ਊਰਜਾ ਸਮੱਗਰੀ ਤਿਆਰ ਕਰਨ ਲਈ ਇਹ ਐਵਾਰਡ ਉਦਯੋਗ ਸ਼੍ਰੇਣੀ ਵਿੱਚ ਮਿਲਿਆ।
ਇਸੇ ਤਰ੍ਹਾਂ ਡਾ. ਵਿਸ਼ਾਲ ਨੂੰ ਠੋਸ ਕੂੜਾ ਕਰਕਟ ਪ੍ਰਬੰਧਨ ਦੇ ਅਧਿਐਨ ਲਈ ‘ਵਾਤਾਵਰਨ ਸਥਿਰਤਾ’ ਪੁਰਸਕਾਰ ਵਿਅਕਤੀਗਤ ਵਰਗ ਅਤੇ ਰਾਊੁਂਡ ਗਲਾਸ ਫਾਊਂਂਡੇਸ਼ਨ ਨੂੰ ਇਹ ਪੁਰਸਕਾਰ ‘ਪਲਾਂਟ ਫਾਰ ਪੰਜਾਬ ਪਹਿਲ’ ਲਈ ਐਨਜੀਓ ਵਰਗ ਵਿੱਚ ਮਿਲਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਹੈਪੇਟਾਈਟਸ-ਸੀ ਪ੍ਰਬੰਧਨ ਪ੍ਰੋਗਰਾਮ ਲਈ ‘ਸਮਾਜਿਕ ਉੱਨਤੀ ਅਤੇ ਭਲਾਈ’ ਐਵਾਰਡ ਗੌਰਮਿੰਟ ਸ਼੍ਰੇਣੀ ਵਿੱਚ ਅਤੇ ਸ਼੍ਰੀਮਤੀ ਸਾਕਸ਼ੀ ਮੂਵਲ ਨੂੰ ਇਹ ਪੁਰਸਕਾਰ ਆਪਣੇ ਸੰਵਾਦ ਪ੍ਰੋਗਰਾਮ ਲਈ ਵਿਅਕਤੀਗਤ ਸ਼੍ਰੇਣੀ ਵਿੱਚ ਮਿਲਿਆ।
‘ਸਮਾਜਿਕ ਤਰੱਕੀ ਤੇ ਭਲਾਈ’ ਪੁਰਸਕਾਰ ਇੰਡਸਟਰੀ ਸ਼ੇ੍ਰਣੀ ਵਿੱਚ ਇਨਫੋਸਿਸ ਨੂੰ ਸਨਰਚਨਾ ਤੇ ਪਾਠਸ਼ਾਲਾ ਪਹਿਲਕਦਮੀਆਂ ਲਈ ਮਿਲਿਆ ਜਦੋਂਕਿ ਇਹੀ ਪੁਰਸਕਾਰ ਮੇਹਰ ਬਾਬਾ ਚੈਰੀਟੇਬਲ ਟਰੱਸਟ ਨੂੰ ਮਹਿਲਾ ਸਸ਼ਕਤੀਕਰਨ ਵਾਸਤੇ ਐਨ.ਜੀ.ਓ. ਸ਼ੇ੍ਰਣੀ ਵਿੱਚ ਮਿਲਿਆ। ‘ਏਕੀਕਰਨ, ਆਪਸੀ ਸਾਂਝ, ਸਾਂਝੇ ਕਾਰਜ ਅਤੇ ਸੰਪੂਰਨ ਹੱਲ ਵਾਲੀ ਪਹੁੰਚ’ ਐਵਾਰਡ ਨਾਬਰਡ ਪੰਜਾਬ ਨੂੰ ਯੂ.ਜੀ.ਪੀ.ਐਲ. ਪ੍ਰਾਜੈਕਟ ਵਾਸਤੇ ਗੌਰਮਿੰਟ ਸ਼੍ਰੇਣੀ ਵਿੱਚ ਦਿੱਤਾ ਗਿਆ ਜਦੋਂਕਿ ਵਿਅਕਤੀਗਤ ਸ਼੍ਰੇਣੀ  ਵਿੱਚ ਇਹ ਪੁਰਸਕਾਰ ਕਲਗੀਧਰ ਟਰੱਸਟ ਨੂੰ ਪੇਂਡੂ ਸਿੱਖਿਆ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ। ਐਨ.ਜੀ.ਓ. ਸ਼੍ਰੇਣੀ ਵਿੱਚ ਇਹ ਐਵਾਰਡ ਸੇਵਾ ਭਾਰਤ-ਪੰਜਾਬ ਨੂੰ ਮਹਿਲਾ ਰੋਜ਼ਗਾਰ ਉਤਪਤੀ ਲਈ ਦਿੱਤਾ ਗਿਆ ਅਤੇ ਇੰਡਸਟਰੀ ਸ਼੍ਰੇਣੀ ਵਿੱਚ ਇਹ ਐਵਾਰਡ ਸੀਆਈਆਈ ਫਾਊਂਡੇਸ਼ਨ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਦਿੱਤਾ ਗਿਆ।
ਇਨ੍ਹਾਂ ਐਵਾਰਡ ਜੇਤੂਆਂ ਦੀ ਸੂਚੀ -. ਉਤੇ ਦੇਖੀ ਜਾ ਸਕਦੀ ਹੈ। ਇਸ ਪੁਰਸਕਾਰ ਸਮਾਰੋਹ ਵਿੱਚ ਪੰਜਾਬ ਯੋਜਨਾਬੰਧੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ. ਜਸਪਾਲ ਸਿੰਘ, ਯੂ.ਐਨ.ਡੀ.ਪੀ. ਦੇ ਰੀਜਨਲ ਹੈੱਡ (ਨਾਰਥ) ਸ੍ਰੀ ਵਿਕਾਸ ਵਰਮਾ ਅਤੇ ਸੇਵਾਮੁਕਤ ਆਈ.ਏ.ਐਸ. (ਲੇਖਕ ਤੇ ਬੁਲਾਰੇ) ਸ੍ਰੀ ਵਿਵੇਕ ਅਤਰੇ ਵੀ ਹਾਜ਼ਰ ਸਨ।