ਸਾਬਕਾ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਦੇ ਬਾਹਰ ਧਰਨੇ ‘ਤੇ ਬੈਠੇ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ

ਸ੍ਰੀ ਮੁਕਤਸਰ ਸਾਹਿਬ, (ਪੰਜਾਬੀ ਸਪੈਕਟ੍ਰਮ ਸਰਵਿਸ) : ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਬਾਦਲ ਪਿੰਡ ‘ਚ ਧਰਨੇ ‘ਤੇ ਬੈਠੀਆਂ ਹਨ। ਉੱਥੇ ਸ਼ੁੱਕਰਵਾਰ ਸਵੇਰੇ 65 ਸਾਲ ਦੇ ਪ੍ਰੀਤਮ ਸਿੰਘ ਨਾਮ ਦੇ ਕਿਸਾਨ ਨੇ ਜਹਿਰੀਲੀ ਚੀਜ ਖਾ ਲਈ ਹੈ। ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ‘ਤੇ ਸੀ ਤੇ ਉਸ ਦੇ ਸਾਥੀ ਦੱਸਦੇ ਹਨ ਕਿ ਪ੍ਰੀਤਮ ਸਿੰਘ ਰਾਤ ਭਰ ਸੁੱਤਾ ਨਹੀਂ ਤੇ ਕਾਫੀ ਪਰੇਸ਼ਾਨ ਸੀ।
ਅੱਜ ਦਿਨ ਚੜ੍ਹਦਿਆਂ ਹੀ ਪ੍ਰੀਤਮ ਸਿੰਘ ਨੇ ਜਹਿਰੀਲੀ ਚੀਜ ਖਾ ਲਈ। ਉਸ ਨੂੰ ਬਾਦਲ ਪਿੰਡ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਉਸ ਦਾ ਮੈਕਸ ਹਸਪਤਾਲ ਬਠਿੰਡਾ ‘ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿਸਾਨ ਪ੍ਰੀਤਮ ਸਿੰਘ ਤਿੰਨ ਭਰਾ ਹਨ ਤੇ 6 ਏਕੜ ਜ਼ਮੀਨ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉਧਰ ਕਿਸਾਨ ਦੇ ਮਾਨਸਾ ਜਿਲ੍ਹੇ ਵਿਚਲੇ ਪਿੰਡ ਅੱਕਾਵਾਲੀ ਵਿਖੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਹੁਤ ਮਾੜਾ ਹਾਲ ਹੋ ਗਿਆ ਹੈ ਤੇ ਕਿਸਾਨ ਜਥੇਬੰਦੀ ਦੇ ਆਗੂ ਅਗਲੇ ਹਲਾਤਾਂ ਲਈ ਇਕੱਠੇ ਹੋਣ ਲੱਗੇ ਹਨ।