ਸਿੱਖ ਨੌਜਵਾਨਾਂ ਖਿਲਾਫ UAPA ਤਹਿਤ ਕੇਸਾਂ ਦਾ ਮਾਮਲਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੁਖਪਾਲ ਖਹਿਰਾ

ਅੰਮ੍ਰਿਤਸਰ – ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਯੂ.ਏ.ਪੀ.ਏ ਵਿਰੁੱਧ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ। ਖਹਿਰਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੇਕਸੂਰ ਨੌਜਵਾਨਾਂ ‘ਤੇ ਤਸ਼ੱਦਦ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਰੈਫਰੇਂਡਮ 2020 ਦੇ ਨਾਂਅ ‘ਤੇ ਬੇਕਸੂਰ ਨੌਜਵਾਨਾਂ ਤੋਂ ਨਜਾਇਜ਼ ਪੁੱਛਗਿੱਛ ਅਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਸ ਦੇ ਖਿਲਾਫ ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਣ ਆਏ ਹਨ। ਉੁਨ੍ਹਾਂ ਸਿੰਘ ਸਾਹਿਬ ਨੂੰ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਕਿ ਇਸ ਕਾਲੇ ਕਾਨੂੰਨ ਖ਼ਿਲਾਫ਼ ਸਰਕਾਰਾਂ ਨਾਲ ਗੱਲਬਾਤ ਕਰਨ। ਇਸ ਸਮੇਂ ਸੁਖਪਾਲ ਖਹਿਰਾ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਮੌਜੂਦ ਸਨ।

ਉਧਰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖੌਫ਼ਜ਼ਦਾ ਕੀਤਾ ਜਾ ਰਿਹਾ ਹੈ ਤੇ ਜੇਕਰ ਨੌਜਵਾਨਾਂ ਨੇ ਛੋਟੀਆਂ ਗ਼ਲਤੀਆਂ ਕੀਤੀਆਂ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ। ਐਸਜੀਪੀਸੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਨੌਜਵਾਨਾਂ ਦੇ ਕੇਸਾਂ ਦੀ ਕਾਨੂੰਨੀ ਪੈਰਵੀ ਕਰੇ। ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨਾ ਵੀ ਮੰਦਭਾਗਾ ਹੈ ਤੇ ਸਰਕਾਰ ਨੂੰ ਇਸ ਦੀ ਜੁਡੀਸ਼ੀਅਲ ਜਾਂਚ ਕਰਵਾਉਣੀ ਚਾਹੀਦੀ ਹੈ।