ਵਿਸ਼ਵ ਸ਼ਤਰੰਜ ਚੈਂਪੀਅਨ ਮੈਗਨਸ ਕਾਰਲਸਨ ਦੀ ਆਨਲਾਈਨ ਲੀਗ ‘ਚ ਖੇਡਣਗੇ 8 ਧਾਕੜ

ਨਾਰਵੇ (ਨਿਕਲੇਸ਼ ਜੈਨ)- ਕੋਰੋਨਾ ਵਾਇਰਸ ਕਾਰਣ ਦੁਨੀਆ ਭਰ ਦੇ ਕਲਾਸੀਕਲ ਸ਼ਤਰੰਜ ਦੇ ਮੁਕਾਬਲੇ ਤਾਂ ਨਹੀਂ ਹੋ ਰਹੇ ਪਰ ਆਨਲਾਈਨ ਟੂਰਨਾਮੈਂਟ ਆਪਣੇ ਪੂਰੇ ਜੋਬਨ ‘ਤੇ ਹਨ। ਕੁਝ ਦਿਨ ਪਹਿਲਾਂ ਹੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ 2,50,000 ਡਾਲਰ ਦੀ ਆਨਲਾਈਨ ਲੀਗ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਹੁਣ ਉਸ ਨੇ ਇਸ ਪ੍ਰਤੀਯੋਗਿਤਾ ਵਿਚ ਖੇਡਣ ਵਾਲੇ ਹੋਰਨਾਂ ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਮੈਗਨਸ ਕਾਰਲਸਨ ਨੂੰ ਚੁਣੌਤੀ ਦੇਣ ਲਈ ਵਿਸ਼ਵ ਨੰਬਰ-2 ਅਮਰੀਕਾ ਦਾ ਫਾਬਿਆਨੋ ਕਾਰੂਆਨਾ, ਵਿਸ਼ਵ ਨੰਬਰ-3 ਚੀਨ ਦਾ ਡਿੰਗ ਲੀਰੇਨ, ਵਿਸ਼ਵ ਨੰਬਰ-4 ਰੂਸ ਦਾ ਇਯਾਨ ਨੈਪੋਮਨਿਆਚੀ, ਵਿਸ਼ਵ ਨੰਬਰ-5 ਫਰਾਂਸ ਦਾ ਮੈਕਿਸਮ ਲਾਗ੍ਰੇਵ, ਵਿਸ਼ਵ ਨੰਬਰ-10 ਨੀਦਰਲੈਂਡ ਦਾ ਅਨੀਸ਼ ਗਿਰੀ, ਵਿਸ਼ਵ ਨੰਬਰ-18 ਅਮਰੀਕਾ ਦਾ ਹਿਕਾਰੂ ਨਾਕਾਮੁਰਾ ਅਤੇ ਵਿਸ਼ਵ ਨੰਬਰ-21 ਈਰਾਨ ਦਾ ਅਲੀਰੇਜਾ ਫਿਰੌਜ਼ਾ ਇਸ ਲੀਗ ‘ਚ ਹਿੱਸਾ ਲੈਣਗੇ।
18 ਅਪ੍ਰੈਲ ਤੋਂ ਇਹ ਪ੍ਰਤੀਯੋਗਿਤਾ ਲਗਾਤਾਰ 16 ਦਿਨ ਤਕ ਖੇਡੀ ਜਾਵੇਗੀ। ਪ੍ਰਤੀਯੋਗਿਤਾ 2  ਗੇੜਾਂ ਵਿਚ ਖੇਡੀ ਜਾਵੇਗੀ। ਪਹਿਲਾ ਗੇੜ ਲੀਗ ਗੇੜ ਹੋਵੇਗਾ, ਜਿੱਥੇ ਹਰ ਖਿਡਾਰੀ ਆਪਸ ਵਿਚ ਰਾਊਂਡ ਰੌਬਿਨ ਆਧਾਰ ‘ਤੇ ਇਕ ਰਾਊਂਡ ਖੇਡੇਗਾ। ਹਰੇਕ ਰਾਊਂਡ ਵਿਚ 15 ਮਿੰਟ ਪ੍ਰਤੀ ਖਿਡਾਰੀ ਅਤੇ 10 ਸੈਕਿੰਡ ਪ੍ਰਤੀ ਚਾਲ ਦੇ ਹਿਸਾਬ ਨਾਲ ਕੁਲ 4 ਮੁਕਾਬਲੇ ਖੇਡੇ ਜਾਣਗੇ। ਦੂਜੇ ਗੇੜ ਵਿਚ ਲੀਗ ਦੇ ਟਾਪ-4 ਖਿਡਾਰੀ ਪਲੇਅ ਆਫ ਮੁਕਾਬਲੇ ਖੇਡਦੇ ਹੋਏ ਪਹਿਲਾਂ ਸੈਮੀਫਾਈਨਲ ਅਤੇ ਫਿਰ ਫਾਈਨਲ ਵਿਚ ਜਾਣ ਦੀ ਕੋਸ਼ਿਸ਼ ਕਰਨਗੇ।