ਸੁਸ਼ਾਂਤ ਸਿੰਘ ਮਾਮਲੇ ‘ਚ ਨਵਾਂ ਮੋੜ, ਪਿਤਾ ਨੇ ਗਰਲਫਰੈਂਡ ਰੀਆ ‘ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦਰਜ ਕਰਵਾਇਆ ਕੇਸ

ਪਟਨਾ : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ ਵਿਚ ਮੰਗਲਵਾਰ ਨੂੰ ਨਵਾਂ ਮੋੜ ਆ ਗਿਆ। ਪਟਨਾ ਦੇ ਰਾਜੀਵ ਨਗਰ ਥਾਣੇ ‘ਚ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਅਦਾਕਾਰਾ ਰੀਆ ਚੱਕਰਵਰਤੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਐੱਫਆਈਆਰ ਦੋ ਦਿਨ ਪਹਿਲੇ ਐਤਵਾਰ ਨੂੰ ਦਰਜ ਕਰਵਾਈ ਗਈ ਹੈ। ਸੁਸ਼ਾਂਤ ਦੇ ਪਿਤਾ ਨੇ ਰੀਆ ‘ਤੇ ਪਿਆਰ ਵਿਚ ਸੁਸ਼ਾਂਤ ਨੂੰ ਫਸਾ ਕੇ ਉਸ ਦੇ ਪੈਸੇ ਕਢਵਾਉਣ ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਐੱਸਐੱਸਪੀ ਉਪਿੰਦਰ ਕੁਮਾਰ ਸ਼ਰਮਾ ਨੇ ਜਾਂਚ ਲਈ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਹੈ।
ਰੀਆ ਦੀ ਵਜ੍ਹਾ ਕਰ ਕੇ ਸੁਸ਼ਾਂਤ ਨੇ ਕੀਤੀ ਖ਼ੁਦਕੁਸ਼ੀ
ਮਿਲੀ ਜਾਣਕਾਰੀ ਅਨੁਸਾਰ ਰਾਜੀਵ ਨਗਰ ਦੇ ਥਾਣੇਦਾਰ ਨਿਸ਼ਾਂਤ ਸਿੰਘ ਨੂੰ ਕੇਸ ਦਾ ਖੋਜਕਰਤਾ ਬਣਾਇਆ ਗਿਆ ਹੈ। ਪਟਨਾ ਪੁਲਿਸ ਟੀਮ ਵਿਚ ਇਨਵੈਸਟੀਗੇਸ਼ਨ ਆਫਿਸਰ ਨਾਲ ਇੰਸਪੈਕਟਰ ਮੋ. ਕੈਸਰ ਆਲਮ, ਮਨੋਰੰਜਨ ਭਾਰਤੀ ਤੇ ਇਕ ਹੋਰ ਇੰਸਪੈਕਟਰ ਸ਼ਾਮਲ ਹੈ। ਦੱਸਿਆ ਜਾਂਦਾ ਹੈ ਕਿ ਐੱਫਆਈਆਰ ਦਰਜ ਹੋਣ ਤੋਂ ਬਾਅਦ ਬਿਹਾਰ ਪੁਲਿਸ ਮਾਮਲੇ ਦੀ ਛਾਣਬੀਣ ਕਰਨ ਲਈ ਮੁੰਬਈ ਪਹੁੰਚ ਗਈ ਹੈ। ਪਿਤਾ ਨੇ ਐੱਫਆਈਆਰ ਵਿਚ ਰੀਆ ‘ਤੇ ਪਿਆਰ ਵਿਚ ਸੁਸ਼ਾਂਤ ਨੂੰ ਫਸਾ ਕੇ ਉਸ ਦੇ ਪੈਸੇ ਕਢਵਾਉਣ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੀਆ ਚੱਕਰਵਰਤੀ ਦੀ ਵਜ੍ਹਾ ਨਾਲ ਹੀ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਹੈ।
ਰੀਆ ਨੇ ਪਰਿਵਾਰ ਨਾਲੋਂ ਕਰ ਦਿੱਤਾ ਸੀ ਵੱਖ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜੀਵ ਨਗਰ ਥਾਣੇ ਵਿਚ ਰੀਆ ਚੱਕਰਵਰਤੀ ਉੱਪਰ ਸੁਸ਼ਾਂਤ ਦੇ ਪਿਤਾ ਨੇ ਕਈ ਸਨਸਨੀਖੇਜ਼ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਰੀਆ ਨੇ ਮੇਰੇ ਪੁੱਤਰ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਉਸਦੀ ਵਜ੍ਹਾ ਕਰ ਕੇ ਸੁਸ਼ਾਂਤ ਪਰਿਵਾਰ ਤੋਂ ਵੱਖ ਰਹਿਣ ਲੱਗਾ ਸੀ। ਰੀਆ ਦੀ ਨਜ਼ਰ ਸੁਸ਼ਾਂਤ ਦੇ ਪੈਸੇ ‘ਤੇ ਸੀ। ਉਹ ਉਸਦੇ ਬੈਂਕ ਅਕਾਊਂਟ ਦੀ ਦੇਖ-ਰੇਖ ਵੀ ਕਰਿਆ ਕਰਦੀ ਸੀ। ਪਿਤਾ ਨੇ ਦੋਸ਼ ਲਗਾਇਆ ਹੈ ਕਿ ਰੀਆ ਨੇ ਸੁਸ਼ਾਂਤ ਤੋਂ ਕਾਫੀ ਪੈਸੇ ਲੈ ਰੱਖੇ ਸਨ। ਇਸ ਨੂੰ ਲੈ ਕੇ ਉਸ ਨੇ ਸੁਸ਼ਾਂਤ ‘ਤੇ ਖ਼ੁਦਕੁਸ਼ੀ ਕਰਨ ਦਾ ਦਬਾਅ ਬਣਾਇਆ, ਜਿਸ ਤੋਂ ਬਾਅਦ ਸੁਸ਼ਾਂਤ ਨੇ ਮੁੰਬਈ ਵਿਚ ਖ਼ੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਬਿਹਾਰ ਦੀ ਰਾਜਧਾਨੀ ਪਟਨਾ ਦੇ ਰਹਿਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਵਿਚ ਖ਼ੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਦੀ ਖ਼ੁਦਕੁਸ਼ੀ ਤੋਂ ਬਾਅਦ ਲਗਾਤਾਰ ਸੀਬੀਆਈ ਜਾਂਚ ਕਰਾਉਣ ਦੀ ਮੰਗ ਉੱਠ ਰਹੀ ਸੀ।